ਦਿੱਲੀ ਦੀ ਸਾਬਕਾ CM ਸ਼ੀਲਾ ਦੀਕਸ਼ਿਤ ਦੇ ਪੁੱਤਰ ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਕੀਤੀ PM ਮੋਦੀ ਦੀ ਤਾਰੀਫ

05/25/2024 5:37:29 PM

ਨੈਸ਼ਨਲ ਡੈਸਕ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬੇਟੇ ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਟਰਵਿਊ ਦਾ ਇਕ ਹਿੱਸਾ ਸ਼ੇਅਰ ਕੀਤਾ ਹੈ, ਜਿਸ ’ਚ ਪ੍ਰਧਾਨ ਮੰਤਰੀ ਮੋਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਯਾਦ ਕਰ ਰਹੇ ਹਨ। ਇਸ ਵੀਡੀਓ ਕਲਿੱਪ ਨੂੰ ਸਾਂਝਾ ਕਰਦਿਆਂ ਸੰਦੀਪ ਦੀਕਸ਼ਿਤ ਨੇ ਲਿਖਿਆ ਕਿ ਭਾਵੇਂ ਸਾਡੇ ਸਿਆਸੀ ਮਤਭੇਦ ਬਣੇ ਹੋਏ ਹਨ ਪਰ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਹੁਤ ਮਿਹਰਬਾਨੀ ਹੈ ਕਿ ਉਨ੍ਹਾਂ ਨੇ ਸ਼ੀਲਾ ਦੀਕਸ਼ਿਤ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਮੇਰੀ ਮਾਂ ਅਤੇ ਪ੍ਰਧਾਨ ਮੰਤਰੀ ਮੋਦੀ 12 ਸਾਲਾਂ ਤੱਕ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਰਹੇ ਅਤੇ ਅਕਸਰ ਵੱਖ-ਵੱਖ ਮੰਚਾਂ ’ਤੇ ਗੱਲਬਾਤ ਕਰਦੇ ਸਨ। ਜਨਤਕ ਜੀਵਨ ’ਚ ਅਜਿਹਾ ਸ਼ਿਸ਼ਟਾਚਾਰ ਜ਼ਰੂਰੀ ਹੈ।

ਦਰਅਸਲ ਪੀ. ਐੱਮ. ਮੋਦੀ ਨੂੰ ਇਕ ਇੰਟਰਵਿਊ ’ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਯਾਦ ਕਰਦਿਆਂ ਸੁਣਿਆ ਜਾ ਸਕਦਾ ਹੈ। ਪੀ. ਐੱਮ. ਕਹਿੰਦੇ ਹਨ ਕਿ ਇਕ ਹੋਰ ਮੁੱਖ ਮੰਤਰੀ ਹੈ, ਜੋ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ, ਸ਼ੀਲਾ ਦੀਕਸ਼ਿਤ ਨੂੰ ਕਿੰਨੀਆਂ ਗਾਲ੍ਹਾਂ ਕੱਢੀਆਂ ਅਤੇ ਬਦਨਾਮ ਕੀਤਾ ਸੀ ਅਤੇ ਮੈਂ ਨਿੱਜੀ ਤੌਰ ’ਤੇ ਸ਼ੀਲਾ ਦੀਕਸ਼ਿਤ ਜੀ ਦਾ ਸਤਿਕਾਰ ਕਰਨ ਵਾਲੇ ਵਿਅਕਤੀਆਂ ’ਚੋਂ ਹਾਂ ਪਰ ਉਨ੍ਹਾਂ ’ਤੇ ਜੋ ਦੋਸ਼ ਲਗਾਏ ਗਏ ਹਨ, ਉਹ ਵੀ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਉਨ੍ਹਾਂ ਨੂੰ ਜਿਸ ਤਰ੍ਹਾਂ ਬਦਨਾਮ ਕੀਤਾ ਗਿਆ। ਮੈਂ ਉਨ੍ਹਾਂ ਨੂੰ ਨੇੜਿਓਂ ਦੇਖਿਆ ਹੈ, ਇਹ ਗੱਲਾਂ ਮੇਰੇ ਕੋਲੋਂ ਹਜ਼ਮ ਨਹੀਂ ਹੋ ਰਹੀਆਂ।

ਇਕ ਮੀਡੀਆ ਰਿਪੋਰਟ ਮੁਤਾਬਕ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਦੀ ਪਾਰਟੀ ਤੋਂ ਨਾਰਾਜ਼ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਦਰਅਸਲ, ਸ਼ੀਲਾ ਦੀਕਸ਼ਿਤ ਨੇ ਜਿਸ ਉੱਤਰ-ਪੂਰਬੀ ਦਿੱਲੀ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਦੇ ਖਿਲਾਫ ਚੋਣ ਲੜੀ ਸੀ, ਓਹੀ ਸੀਟ ਤੋਂ ਸੂਤਰਾਂ ਦੇ ਅਨੁਸਾਰ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਪਾਰਟੀ ਤੋਂ ਟਿਕਟ ਮੰਗੀ ਸੀ ਪਰ ਉਨ੍ਹਾਂ ਦੀ ਜਗ੍ਹਾ ਪਾਰਟੀ ਨੇ ਕਨ੍ਹੱਈਆ ਕੁਮਾਰ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ। ਅਜਿਹੇ ’ਚ ਕਾਂਗਰਸ ਨੇ ਜਦੋਂ ਸੰਦੀਪ ਨੂੰ ਇਸ ਸੀਟ ਤੋਂ ਉਮੀਦਵਾਰ ਨਹੀਂ ਬਣਾਇਆ ਤਾਂ ਪਾਰਟੀ ਦੇ ਅੰਦਰ ਵਰਕਰਾਂ ਅਤੇ ਕਈ ਨੇਤਾਵਾਂ ’ਚ ਨਾਰਾਜ਼ਗੀ ਸਾਹਮਣੇ ਆ ਗਈ।


Tanu

Content Editor

Related News