ਯੂਰਪੀ ਸੰਘ ਅਤੇ ਅਮਰੀਕਾ ਨੇ ਕੀਤੀ ਚੀਨ ਨੂੰ ਘੇਰਨ ਦੀ ਤਿਆਰੀ
Friday, Mar 26, 2021 - 04:59 PM (IST)

ਨੈਸ਼ਨਲ ਡੈਸਕ : ਬ੍ਰਿਟੇਨ ਸਰਕਾਰ ਵਲੋਂ ਚੀਨ ਦੇ ਸ਼ਿਨਜਿਆਂਗ ਸੂਬੇ ’ਚ ਉਈਗਰ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ’ਚ ਚੀਨ ਸਰਕਾਰ ਦੇ ਅਧਿਕਾਰੀਆਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਅਮਰੀਕਾ ਨੇ ਵੀ ਕਈ ਮੁੱਦਿਆਂ ਨੂੰ ਲੈ ਕੇ ਚੀਨ ਖਿਲਾਫ ਇਕ ਵਾਰ ਮੁੜ ਮੋਰਚਾ ਖੋਲ੍ਹਿਆ ਹੈ। ਭਾਰਤ ਦਾ ਪੱਖ ਲੈਂਦੇ ਹੋਏ ਅਮਰੀਕੀ ਫੌਜ ਦੇ ਇੰਡੋ ਪੈਸੀਫਿਕ ਕਮਾਂਡ ਦੇ ਨਵੇਂ ਚੀਫ ਬਣਨ ਜਾ ਰਹੇ ਐਡਮਿਰਲ ਜਾਨ ਸੀ ਐਕਿਊਲਿਨੋ ਨੇ ਦਾਅਵਾ ਕੀਤਾ ਹੈ ਕਿ ਹਿੰਦ ਮਹਾਸਾਗਰ ਦੇ ਇਲਾਕੇ ’ਚ ਚੀਨ ਦੀ ਧੋਖਾ ਦੇਣ ਦੀ ਪ੍ਰਵਿਰਤੀ ਨਾਲ ਪੂਰੇ ਇਲਾਕੇ ’ਚ ਅਸਥਿਰਤਾ ਅਤੇ ਅਸੁਰੱਖਿਆ ਦਾ ਮਾਹੌਲ ਬਣਾਇਆ ਹੋਇਆ ਹੈ। ਅਮਰੀਕੀ ਕਾਂਗਰਸ ਤੋਂ ਉਨ੍ਹਾਂ ਨੇ ਚੀਨ ਨੂੰ ਘੇਰਨ ਲਈ ਇਕ ਮਜ਼ਬੂਤ ਰਣਨੀਤੀ ਬਣਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਰਾਜਨਾਇਕ ਚੀਨ ਵਲੋਂ ਤਿੱਬਤੀ ਅਤੇ ਉਈਗਰ ਮੁਸਲਮਾਨਾਂ ਦੇ ਖਿਲਾਫ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਲੈ ਕੇ ਵੀ ਬਹੁਤ ਨਾਰਾਜ਼ ਹਨ। ਹਾਲ ਹੀ ’ਚ ਪੈਦਾ ਹੋਏ ਸਮੀਕਰਣਾਂ ਨਾਲ ਅਮਰੀਕਾ, ਈ. ਯੂ. ਅਤੇ ਬ੍ਰਿਟੇਨ ਚੀਨ ਨੂੰ ਆਰਥਿਕ ਸੁਰੱਖਿਆ ਲਈ ਖਤਰਾ ਮੰਨਣ ਲੱਗੇ ਹਨ, ਜਿਸ ਕਾਰਣ ਈ. ਯੂ.-ਚੀਨ ਵਿਆਪਕ ਨਿਵੇਸ਼ ਸਮਝੌਤੇ ’ਤੇ ਵੀ ਹੁਣ ਤਲਵਾਰ ਲਟਕ ਰਹੀ ਹੈ।
ਅਮਰੀਕਾ ਦੇ ਡਿਪਲੋਮੈਟਸ ਦਾ ਚੀਨ ਪ੍ਰਤੀ ਗੁੱਸਾ
ਅਮਰੀਕਾ ਦੇ ਸੀਨੇਟਰ ਰਿਕ ਸਕਾਟ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਆਯੋਜਕਾਂ ਨੂੰ ਪੱਤਰ ਭੇਜ ਕੇ ਸਾਲ 2022 ’ਚ ਚੀਨ ਦੇ ਬੀਜਿੰਗ ’ਚ ਹੋਣ ਵਾਲੀਆਂ ਸਰਦ ਰੁੱਤ ਸੈਸ਼ਨ ਦੀਆਂ ਓਲੰਪਿਕ ਖੇਡਾਂ ਨੂੰ ਕਿਸੇ ਹੋਰ ਦੇਸ਼ ’ਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ। ਚੀਨ ’ਤੇ ਬਾਈਡੇਨ ਪ੍ਰਸ਼ਾਸਨ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਸਹੀ ਠਹਿਰਾਉਂਦੇ ਹੋਏ ਅਮਰੀਕੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਅਮਰੀਕਾ ਚੀਨ ਖਿਲਾਫ ਕਰਦਾ ਹੀ ਰਹੇਗਾ। ਵਿਦੇਸ਼ ਮੰਤਰਾਲਾ ਦੇ ਸਕੱਤਰ ਐਂਟਰੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਉੱਤਰ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਦੇ ਸਹਿਯੋਗੀਆਂ ਲਈ ਚੀਨ ਨੂੰ ਇਕ ਆਰਥਿਕ ਅਤੇ ਸੁਰੱਖਿਆ ਖਤਰੇ ਦੇ ਰੂਪ ’ਚ ਦੇਖਦਾ ਹੈ।
ਭਾਰਤ ਅਤੇ ਚੀਨ ਦਰਮਿਆਨ ਬੇਭਰੋਸਗੀ ਦਾ ਮਾਹੌਲ ਕਾਇਮ
ਐਡਮਿਰਲ ਜਾਨ ਸੀ ਐਕਿਊਲਿਨੋ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਬੇਭਰੋਸਗੀ ਦਾ ਮਾਹੌਲ ਵੱਡੇ ਪੱਧਰ ’ਤੇ ਹਾਲੇ ਕਾਇਮ ਹੈ। ਹਿੰਦ ਮਹਾਸਾਗਰ ਦੇ ਇਲਾਕੇ ’ਚ ਚੀਨ ਦੀਆਂ ਅੱਖਾਂ ’ਚ ਘੱਟਾ ਪਾ ਕੇ ਕੀਤੀ ਜਾਣ ਵਾਲੀ ਕਾਰਵਾਈ ਕਾਰਣ ਭਾਰਤ ਅਤੇ ਕਈ ਹੋਰ ਦੇਸ਼ਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ ਹੈ। ਚੀਨ ਦੇ ਨਾਲ ਹਾਲ ਹੀ ’ਚ ਡੈੱਡਲਾਕ ਦੌਰਾਨ ਐਡਮਿਰਲ ਨੇ ਭਾਰਤ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਹੈ। ਐਕਿਊਲਿਨੋ ਨੇ ਕਿਹਾ ਕਿ ਅਸਲ ਕੰਟਰੋਲ ਲਾਈਨ ’ਤੇ ਹੋਈ ਝੜਪ ਦੇ ਨਤੀਜੇ ਨਾਲ ਦੋ-ਪੱਖੀ ਸਬੰਧ ਵਿਗੜੇ ਹਨ। ਭਾਰਤ ‘ਵਨ ਬੈਲਟ ਵਨ ਰੋਡ’ ਪ੍ਰਾਜੈਕਟ ਨੂੰ ਲੈ ਕੇ ਵੀ ਚੀਨ ਦੀਆਂ ਸਰਗਰਮੀਆਂ ’ਤੇ ਬਹੁਤ ਦੁਚਿੱਤੀ ’ਚ ਹੈ।
ਚੀਨ ਦਾ ਰੁਖ਼ ਭਾਰਤ ਲਈ ਚਿੰਤਾਜਨਕ
ਸੰਸਦ ਮੈਂਬਰਾਂ ਦੇ ਲਿਖਤੀ ਸਵਾਲਾਂ ਦੇ ਜਵਾਬ ’ਚ ਐਕਿਊਲਿਨੋ ਨੇ ਕਿਹਾ ਕਿ ਪਾਕਿਸਤਾਨ ਦੇ ਗਵਾਦਰ ਅਤੇ ਸ਼੍ਰੀਲੰਕਾ ਦੇ ਹੰਬਨਟੋਟਾ ’ਚ ਚੀਨ ਦਾ ਰੁਖ਼ ਵੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਇਹੋ ਹਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਵੀ ਹੈ। ਹਿੰਦ ਮਹਾਸਾਗਰ ’ਚ ਪੀ. ਆਰ. ਸੀ. ਦੀ ਧੋਖਾ ਦੇਣ ਵਾਲੀ ਕਾਰਵਾਈ ਅਤੇ ਪਾਰਦਰਸ਼ਿਤਾ ’ਚ ਕਮੀ ਨਾਲ ਉਥੇ ਸਥਿਰਤਾ ਅਤੇ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਹੈ।
ਅਮਰੀਕੀ ਸਪੀਕਰ ਉਈਗਰਾਂ ਦੇ ਅੱਤਿਆਚਾਰ ਨੂੰ ਦੱਸਿਆ ਗਲਤ
ਅਮਰੀਕੀ ਸਪੀਕਰ ਨੈਂਸੀ ਪੇਲੋਸੀ ਨੇ ਹਾਲ ਹੀ ’ਚ ਦਿੱਤੇ ਬਿਆਨ ’ਚ ਕਿਹਾ ਕਿ ਵਾਸ਼ਿੰਗਟਨ ਸ਼ਿਨਜਿਆਂਗ ’ਚ ਉਈਗਰ ਲੋਕਾਂ ਦੇ ਨਾਲ-ਨਾਲ ਤਿੱਬਤ ਅਤੇ ਹਾਂਗਕਾਂਗ ਦੇ ਲੋਕਾਂ ਖਿਲਾਫ ਮਨੁੱਖੀ ਅਧਿਕਾਰਾਂ ਦੇ ਕਤਲੇਆਮ ਲਈ ਬੀਜਿੰਗ ਨੂੰ ਜਵਾਬਦੇਹ ਠਹਿਰਾਉਂਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਹਿਯੋਗੀਆਂ ਦੇ ਨਾਲ ਮਿਲ ਕੇ ਉਈਗਰਾਂ ਤੋਂ ਇਲਾਵਾ ਤਿੱਬਤ, ਹਾਂਗਕਾਂਗ ਦੇ ਲੋਕਾਂ ਅਤੇ ਪੱਤਰਕਾਰਾਂ ’ਤੇ ਮਨੁੱਖੀ ਅਧਿਕਾਰਾਂ ਦੇ ਕਤਲੇਆਮ ਨੂੰ ਲੈ ਕੇ ਆਪਣੀ ਮੁਹਿੰਮ ਲਈ ਬੀਜਿੰਗ ਨੂੰ ਜਵਾਬਦੇਹ ਬਣਾਏ ਰੱਖੇਗਾ।
ਚੀਨ ਦੀ ਹਮਲਾਵਰ ਨੀਤੀ ਨੂੰ ਘੱਟ ਕਰਨ ਲਈ ਇਕਜੁੱਟ ਹੋਣ ਦੀ ਲੋੜ : ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਸਕੱਤਰ ਐਂਟਨੀ ਬਲਿੰਕਨ ਨੇ ਅਮਰੀਕਾ ਉੱਤਰੀ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਦੇ ਮੁੱਖ ਦਫਤਰ ’ਚ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਦੀਆਂ ਕਾਰਵਾਈਆਂ ਨਾਲ ਸਾਡੀ ਸਮੂਹਿਕ ਸਮਰੁੱਖਿਆ ਅਤੇ ਸ਼ਾਂਤੀ ਨੂੰ ਖਤਰਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਦੇਸ਼ ਚੀਨ ਦਾ ਜਿਥੋਂ ਤੱਕ ਸੰਭਵ ਹੋ ਸਕੇ ਸਹਿਯੋਗ ਨਹੀਂ ਕਰ ਸਕਦੇ ਹਨ। ਉਦਾਹਰਣ ਲਈ ਜਦੋਂ ਜਲਵਾਯੂ ਬਦਲਾਅ ਅਤੇ ਸਿਹਤ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਚੀਨ ਨਾਲ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਚੀਨ ਦੀ ਹਮਲਾਵਰ ਨੀਤੀ ਨੂੰ ਘੱਟ ਕਰਨ ਲਈ ਨਾਟੋ ਦੇਸ਼ਾਂ ਦੇ ਇਕਜੁੱਟ ਹੋ ਕੇ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਲਈ ਇਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤਕੇ ਇਹ ਵਾਅਦਾ ਕਰਦੇ ਹੋਏ ਕਿ ਅਮਰੀਕਾ ਉਨ੍ਹਾਂ ਨੂੰ ਚੀਨ ਦਾ ਵਿਰੋਧ ਕਰਨ ਲਈ ਮਜ਼ਬੂਰ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਬਾਈਡੇਨ ਬਹੁਪੱਖੀ ਦ੍ਰਿਸ਼ਟੀਕੋਣ ਅਪਣਾਉਣ ਦੇ ਇਛੁੱਕ ਹਨ ਕਿਉਂਕਿ ਇਸ ਦਾ ਟੀਚਾ ਨਾਟੋ ਸਹਿਯੋਗੀਆਂ ਅਤੇ ਯੂਰਪੀ ਸੰਘ ਨੂੰ ਚੀਨ ਦੀਆਂ ਸੱਤਾਵਾਦੀ ਚੁਣੌਤੀਆਂ ’ਤੇ ਲੋਕਤੰਤਰ ਮੋਰਚੇ ’ਚ ਲਿਆਉਣਾ ਹੈ।