ਪੁਲਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ; ਚੱਲੀਆਂ ਗੋਲੀਆਂ, 3 ਬਦਮਾਸ਼ਾਂ ਦੇ ਪੈਰ ''ਚ ਲੱਗੀ ਗੋਲੀ
Wednesday, Aug 28, 2024 - 11:56 AM (IST)
ਬਹਾਦੁਰਗੜ੍ਹ- ਹਰਿਆਣਾ ਦੇ ਬਹਾਦੁਰਗੜ੍ਹ ਵਿਚ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋਹਾਂ ਪਾਸਿਓਂ ਗੋਲੀਆਂ ਚੱਲੀਆਂ। ਐਨਕਾਊਂਟਰ ਮਗਰੋਂ ਪੁਲਸ ਨੇ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਬਦਮਾਸ਼ਾਂ ਕੋਲੋਂ ਪੁਲਸ ਨੂੰ 3 ਗੈਰ-ਕਾਨੂੰਨੀ ਪਿਸਤੌਲਾਂ ਵੀ ਬਰਾਮਦ ਹੋਈਆਂ ਹਨ। ਤਿੰਨਾਂ ਬਦਮਾਸ਼ਾਂ ਦੇ ਪੈਰ ਵਿਚ ਗੋਲੀਆਂ ਲੱਗੀਆਂ ਹਨ। ਬਦਮਾਸ਼ਾਂ ਨੂੰ ਇਲਾਜ ਲਈ ਬਹਾਦੁਰਗੜ੍ਹ ਦੇ ਟਰਾਮਾ ਸੈਂਟਰ 'ਚ ਭਿਜਵਾਇਆ ਗਿਆ ਹੈ। ਇਨ੍ਹਾਂ ਬਦਮਾਸ਼ਾਂ 'ਤੇ ਦਿੱਲੀ ਜਲ ਬੋਰਡ ਦੇ ਕਾਮੇ ਦੀਪਕ ਮਾਂਝੀ ਦੇ ਅਗਵਾ ਅਤੇ ਕਤਲ ਦਾ ਮਾਮਲਾ ਦਰਜ ਹੈ। ACP ਕ੍ਰਾਈਮ ਪ੍ਰਦੀਪ ਨੈਨ ਮੌਕੇ 'ਤੇ ਮੌਜੂਦ ਹਨ ਅਤੇ ਮਾਮਲੇ ਦੀ ਜਾਂਚ ਵਿਚ ਜੁੱਟੇ ਹੋਏ ਹਨ।
ਜਾਣਕਾਰੀ ਮੁਤਾਬਕ ਸਵੇਰੇ ਕਰੀਬ 5.30 ਵਜੇ ਬਹਾਦੁਰਗੜ੍ਹ ਸੀ. ਆਈ. ਏ.-2 ਨੂੰ ਸੂਚਨਾ ਮਿਲੀ ਸੀ ਕਿ ਤਿੰਨ ਬਦਮਾਸ਼ ਹਥਿਆਰਾਂ ਨਾਲ ਲੈਸ ਹੋ ਕੇ ਬਹਾਦੁਰਗੜ੍ਹ ਤੋਂ ਬਰਾਹੀ ਰੋਡ 'ਤੇ ਜਾ ਰਹੇ ਹਨ। ਬਰਾਹੀ ਰੋਡ 'ਤੇ ਜਦੋਂ ਪੁਲਸ ਨੇ ਤਿੰਨਾਂ ਦੀ ਘੇਰਾਬੰਦੀ ਕੀਤੀ ਤਾਂ ਬਦਮਾਸ਼ਾਂ ਨੇ ਪੁਲਸ ਟੀਮ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਸ ਨੇ ਵੀ ਬਦਮਾਸ਼ਾਂ 'ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਤਿੰਨ ਬਦਮਾਸ਼ ਜ਼ਖ਼ਮੀ ਹੋ ਗਏ। ਤਿੰਨਾਂ ਦੇ ਪੈਰਾਂ ਵਿਚ ਗੋਲੀ ਲੱਗੀ ਹੈ। ਪੁਲਸ ਨੇ ਤੁਰੰਤ ਜ਼ਖ਼ਮੀ ਬਦਮਾਸ਼ਾਂ ਨੂੰ ਇਲਾਜ ਲਈ ਬਹਾਦੁਰਗੜ੍ਹ ਦੇ ਟਰਾਮਾ ਸੈਂਟਰ ਭਿਜਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਸਖ਼ਤ ਸੁਰੱਖਿਆ ਦਰਮਿਆਨ ਕੀਤਾ ਜਾ ਰਿਹਾ ਹੈ।
ਬਦਮਾਸ਼ਾਂ ਨੇ 5 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਸੀ
ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਨੀਲ, ਅੰਕਿਤ ਅਤੇ ਵਿਕਾਸ ਵਜੋਂ ਹੋਈ ਹੈ। ACP ਕ੍ਰਾਈਮ ਪ੍ਰਦੀਪ ਨੈਨ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਖ਼ਿਲਾਫ਼ 10 ਦਿਨ ਪਹਿਲਾਂ ਦਿੱਲੀ ਜਲ ਬੋਰਡ ਦੇ ਮੁਲਾਜ਼ਮ ਦੀਪਕ ਮਾਂਝੀ ਨੂੰ ਅਗਵਾ ਕਰਕੇ ਕਤਲ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਜਦੋਂ ਇਹ ਅਗਵਾ ਦੀ ਵਾਰਦਾਤ ਹੋਈ ਤਾਂ ਦੀਪਕ ਮਾਂਝੀ ਪੇਪਰ ਦੇਣ ਲਈ ਸਾਂਪਲਾ ਆਇਆ ਹੋਇਆ ਸੀ। ਉਥੋਂ ਉਸ ਨੂੰ ਚਾਰ ਬਦਮਾਸ਼ਾਂ ਨੇ ਅਗਵਾ ਕਰ ਲਿਆ। ਬਦਮਾਸ਼ਾਂ ਨੇ ਦੀਪਕ ਦੇ ਪਰਿਵਾਰ ਤੋਂ 5 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਸੀ।
ਜਦੋਂ ਬਦਮਾਸ਼ ਫਿਰੌਤੀ ਲੈਣ ਆਏ ਤਾਂ ਪੁਲਸ ਨੇ ਘੇਰਾਬੰਦੀ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਤਿੰਨ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸੇ ਦੌਰਾਨ ਮੁਲਜ਼ਮਾਂ ਨੇ ਦੀਪਕ ਮਾਂਝੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਰੋਹਤਕ ਦੇ ਕਾਰੌਰ ਪਿੰਡ ਨੇੜੇ ਲੰਘਦੀ ਮਾਈਨਰ ਵਿਚ ਹੱਥ-ਪੈਰ ਬੰਨ੍ਹ ਕੇ ਸੁੱਟ ਦਿੱਤਾ ਸੀ। ਉਦੋਂ ਤੋਂ ਇਹ ਬਦਮਾਸ਼ ਪੁਲਸ ਦੀ ਰਡਾਰ 'ਤੇ ਸਨ। ਪੁਲਸ ਪੁੱਛਗਿੱਛ ਦੌਰਾਨ ਬਦਮਾਸ਼ਾਂ ਦੀਆਂ ਹੋਰ ਵੀ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ।