ਨੂਹ ''ਚ ਪੁਲਸ ਅਤੇ ਗਊ ਤਸਕਰਾਂ ਵਿਚਾਲੇ ਮੁਕਾਬਲਾ, ਦੋਹਾਂ ਪਾਸੇ ਕਈ ਰਾਊਂਡ ਫਾਇਰਿੰਗ
Sunday, Aug 13, 2023 - 12:34 PM (IST)

ਨੂਹ- ਭਾਵੇਂ ਹੀ ਹਰਿਆਣਾ ਦੇ ਨੂਹ ਜ਼ਿਲ੍ਹੇ 'ਚ ਧਾਰਾ-144 ਨਾਲ ਕਰਫਿਊ ਲੱਗਾ ਹੋਇਆ ਹੈ ਪਰ ਗਊ ਤਸਕਰੀ ਕਰਨ ਵਾਲੇ ਲੋਕ ਅਜੇ ਵੀ ਬਾਜ਼ ਨਹੀਂ ਆ ਰਹੇ ਹਨ। ਬੀਤੀ ਰਾਤ ਪੁਲਸ ਅਤੇ ਗਊ ਤਸਕਰਾਂ ਵਿਚਾਲੇ ਦਿੱਲੀ ਵਡੋਦਰਾ ਐਕਸਪ੍ਰੈੱਸ ਵੇਅ 'ਤੇ ਮੁਕਾਬਲਾ ਹੋਇਆ, ਜੋ 21 ਗਊ ਹੱਤਿਆ ਲਈ ਰਾਜਸਥਾਨ ਲੈ ਕੇ ਜਾ ਰਹੇ ਸਨ। ਪੁਲਸ ਨੇ ਵੀ ਗੋਲੀਬਾਰੀ ਦੀ ਜਵਾਬੀ ਕਾਰਵਾਈ ਕੀਤੀ, ਜਿਸ 'ਚ ਇਕ ਦੋਸ਼ੀ ਦੇ ਪੈਰ 'ਚ ਗੋਲੀ ਲੱਗਣ ਮਗਰੋਂ ਬਾਕੀ ਹੋਰ ਗਊ ਤਸਕਰ ਦੌੜ ਗਏ। ਪੁਲਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਇਲਾਜ ਲਈ ਮੈਡੀਕਲ ਕਾਲਜ 'ਚ ਭਰਤੀ ਕਰਾਇਆ ਗਿਆ ਹੈ।
ਟ੍ਰੈਫਿਕ ਥਾਣਾ ਪ੍ਰਬੰਧਕ ਦਇਆਨੰਦ ਨੇ ਦੱਸਿਆ ਕਿ ਰਾਜਸਥਾਨ ਦੇ ਗਊ ਰੱਖਿਅਕ ਦਲ ਦੇ ਕੁਝ ਵਰਕਰਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਗਊ ਤਸਕਰ ਇਕ ਕੈਂਟਰ 'ਚ ਗਾਵਾਂ ਨੂੰ ਰਾਜਸਥਾਨ 'ਚ ਗਊ ਹੱਤਿਆ ਲਈ ਲੈ ਕੇ ਜਾ ਰਹੇ ਹਨ। ਸੂਚਨਾ ਮਿਲਣ 'ਤੇ ਪੁਲਸ ਵਲੋਂ ਨਾਕੇਬੰਦੀ ਕੀਤੀ ਗਈ। ਜਿਵੇਂ ਹੀ ਗੱਡੀ ਦਿੱਲੀ-ਵਡੋਦਰਾ ਐਕਸਪ੍ਰੈੱਸ ਵੇਅ 'ਤੇ ਪਿੰਡ ਕੋਲ ਆਈ, ਉਵੇਂ ਹੀ ਪੁਲਸ ਨੇ ਰੋਕਣ ਦਾ ਇਸ਼ਾਰਾ ਕੀਤਾ ਪਰ ਗਊ ਤਸਕਰਾਂ ਨੇ ਗੱਡੀ ਨੂੰ ਨਹੀਂ ਰੋਕਿਆ। ਗਊ ਤਸਕਰਾਂ ਨੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਸਿੱਧੇ ਪੁਲਸ 'ਤੇ ਅੰਨ੍ਹੇਵਾਹ ਫਾਇਰ ਕਰ ਦਿੱਤੀ।
ਉੱਥੇ ਨੂਹ ਪੁਲਸ ਵਲੋਂ ਜਵਾਬੀ ਫਾਇਰ ਕਰਨ ਮਗਰੋਂ ਗਊ ਤਸਕਰ ਕੈਂਟਰ ਨੂੰ ਛੱਡ ਕੇ ਫ਼ਰਾਰ ਹੋ ਗਏ। ਦੌੜਦੇ ਹੋਏ ਪੁਲਸ 'ਤੇ ਫਾਇਰ ਕਰ ਰਹੇ ਸਨ ਤਾਂ ਪੁਲਸ ਨੇ ਵੀ ਗਊ ਤਸਕਰਾਂ 'ਤੇ ਫਾਇਰ ਕੀਤੇ, ਤਾਂ ਦੌੜਨ ਵਾਲੇ ਵਿਅਕਤੀ ਦੇ ਪੈਰ 'ਚ ਇਕ ਗੋਲੀ ਲੱਗ ਗਈ। ਉਸ ਨੇ ਆਪਣਾ ਨਾਂ ਤੌਫਿਕ ਪੁੱਤਰ ਈਸਾ ਵਾਸੀ ਉਟਾਵਡ, ਜ਼ਿਲ੍ਹਾ ਪਲਵਲ ਦੱਸਿਆ, ਜਿਸ ਨੂੰ ਇਲਾਜ ਲਈ ਪਹਿਲਾਂ ਆਮ ਹਸਪਤਾਲ ਮਾਂਡੀ ਖੇੜਾ ਵਿਚ ਦਾਖ਼ਲ ਕਰਵਾਇਆ ਗਿਆ ਪਰ ਗੋਲੀ ਲੱਗਣ ਦੀ ਵਜ੍ਹਾ ਕਾਰਨ ਉਸ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ।