ਫੋਨ 'ਤੇ ਕਰਵਾ'ਤੀ ਮਹਿਲਾ ਦੀ ਡਿਲਵਰੀ! ਇਲਾਜ ਦੌਰਾਨ ਦੋਵਾਂ ਦੀ ਮੌਤ, ਹਸਪਤਾਲ ਸੀਲ
Thursday, Apr 02, 2026 - 05:25 PM (IST)
ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲ੍ਹੇ ਵਿੱਚ ਇੱਕ ਨਿੱਜੀ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ "ਗੈਰ-ਸਿਖਲਾਈ ਪ੍ਰਾਪਤ ਸਟਾਫ" ਦੁਆਰਾ ਡਾਕਟਰ ਦੇ ਫ਼ੋਨ 'ਤੇ ਦਿੱਤੇ ਨਿਰਦੇਸ਼ਾਂ ਅਨੁਸਾਰ ਡਿਲੀਵਰੀ ਕਰਵਾਉਣ ਕਾਰਨ ਇੱਕ 32 ਸਾਲਾ ਔਰਤ ਅਤੇ ਉਸਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਸਿਹਤ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ਹਸਪਤਾਲ ਨੂੰ ਸੀਲ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਬੇਨੀਗੰਜ ਦੇ ਰਹਿਣ ਵਾਲੇ ਸੁਰੇਸ਼ ਯਾਦਵ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਸੋਨੀ ਯਾਦਵ ਨੂੰ ਜਣੇਪੇ ਦੇ ਦਰਦ ਤੋਂ ਬਾਅਦ ਫੈਜ਼ਾਬਾਦ ਸ਼ਹਿਰ ਦੇ 'ਮਾਂ ਪਰਮੇਸ਼ਵਰੀ ਦੇਵੀ ਮੈਮੋਰੀਅਲ ਹਸਪਤਾਲ' ਵਿੱਚ ਭਰਤੀ ਕਰਵਾਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਡਿਲੀਵਰੀ ਦੇ ਸਮੇਂ ਡਾਕਟਰ ਅੰਜਲੀ ਸ਼੍ਰੀਵਾਸਤਵ ਹਸਪਤਾਲ ਵਿੱਚ ਮੌਜੂਦ ਨਹੀਂ ਸੀ। ਸੁਰੇਸ਼ ਨੇ ਇਲਜ਼ਾਮ ਲਾਇਆ ਕਿ ਡਾਕਟਰ ਫ਼ੋਨ 'ਤੇ ਸਟਾਫ ਨੂੰ ਨਿਰਦੇਸ਼ ਦੇ ਰਹੀ ਸੀ ਕਿ ਡਿਲੀਵਰੀ ਕਿਵੇਂ ਕਰਨੀ ਹੈ।
ਡਿਲੀਵਰੀ ਤੋਂ ਅੱਧੇ ਘੰਟੇ ਬਾਅਦ ਸਟਾਫ ਨੇ ਬੱਚਾ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਕਿਹਾ ਕਿ ਉਹ ਸਾਹ ਨਹੀਂ ਲੈ ਰਿਹਾ। ਜਦੋਂ ਬੱਚੇ ਨੂੰ ਨੇੜਲੇ ਦੂਜੇ ਡਾਕਟਰ ਕੋਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਤੁਰੰਤ ਬਾਅਦ ਸੋਨੀ ਦੀ ਹਾਲਤ ਵੀ ਵਿਗੜ ਗਈ ਅਤੇ ਦੂਜੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਵੀ ਮੌਤ ਹੋ ਗਈ।
ਜਾਂਚ 'ਚ ਹੋਏ ਵੱਡੇ ਖੁਲਾਸੇ
ਵਧੀਕ ਮੁੱਖ ਮੈਡੀਕਲ ਅਫਸਰ (ACMO) ਡਾ. ਆਸ਼ੂਤੋਸ਼ ਸ਼੍ਰੀਵਾਸਤਵ ਦੀ ਅਗਵਾਈ ਵਿੱਚ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ਦਾ ਨਿਰੀਖਣ ਕੀਤਾ, ਤਾਂ ਉੱਥੇ ਕੋਈ ਵੀ ਯੋਗ ਡਾਕਟਰ ਜਾਂ ਸਿਖਲਾਈ ਪ੍ਰਾਪਤ ਮੈਡੀਕਲ ਸਟਾਫ ਮੌਜੂਦ ਨਹੀਂ ਸੀ। ਹਸਪਤਾਲ ਦੇ ਪ੍ਰਬੰਧਕ ਵਜੋਂ ਆਪਣੀ ਪਛਾਣ ਦੱਸਣ ਵਾਲਾ ਮਹੇਸ਼ ਸਿੰਘ ਨਾਂ ਦਾ ਵਿਅਕਤੀ ਹੀ ਸਾਰੇ ਕੰਮ ਦੇਖ ਰਿਹਾ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਤਿੰਨ ਹੋਰ ਔਰਤਾਂ ਜਿਨ੍ਹਾਂ ਦਾ ਸਿਜੇਰੀਅਨ ਆਪ੍ਰੇਸ਼ਨ ਹੋਇਆ ਸੀ, ਉਨ੍ਹਾਂ ਦੀ ਦੇਖਭਾਲ ਵੀ ਇਹ ਮੈਨੇਜਰ ਹੀ ਕਰ ਰਿਹਾ ਸੀ।
ਹਸਪਤਾਲ ਸੀਲ, ਡਾਕਟਰ ਫਰਾਰ
ACMO ਨੇ ਦੱਸਿਆ ਕਿ ਹਸਪਤਾਲ ਦਾ ਰਿਕਾਰਡ ਅਧੂਰਾ ਸੀ, ਡਾਕਟਰ ਦੇ ਦਸਤਾਵੇਜ਼ ਨਹੀਂ ਮਿਲੇ ਅਤੇ ਮੈਡੀਕਲ ਵੇਸਟ ਦਾ ਪ੍ਰਬੰਧ ਵੀ ਮਾੜਾ ਸੀ। ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਦਿੱਤਾ ਹੈ ਅਤੇ ਉੱਥੇ ਦਾਖਲ ਮਰੀਜ਼ਾਂ ਨੂੰ ਸਰਕਾਰੀ ਮਹਿਲਾ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਫਿਲਹਾਲ ਮੁਲਜ਼ਮ ਡਾਕਟਰ ਫਰਾਰ ਹੈ ਅਤੇ ਪੁਲਸ ਜਾਂਚ ਤੋਂ ਬਾਅਦ ਐਫ.ਆਈ.ਆਰ. (FIR) ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਸੁਰੇਸ਼ ਯਾਦਵ, ਜਿਸ ਦਾ ਵਿਆਹ ਪਿਛਲੇ ਸਾਲ ਅਪ੍ਰੈਲ ਵਿੱਚ ਹੋਇਆ ਸੀ, ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਭਰੇ ਮਨ ਨਾਲ ਕਿਹਾ, "ਹਸਪਤਾਲ ਦੀ ਲਾਪਰਵਾਹੀ ਨੇ ਸਾਡੀਆਂ ਸਾਰੀਆਂ ਖੁਸ਼ੀਆਂ ਚਕਨਾਚੂਰ ਕਰ ਦਿੱਤੀਆਂ ਹਨ"।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
