ਚੋਣ ਕਮਿਸ਼ਨ ਨੇ ਵਿਸਥਾਪਿਤ ਕਸ਼ਮੀਰੀਆਂ ਲਈ 24 ਵੋਟਿੰਗ ਕੇਂਦਰ ਕੀਤੇ ਸਥਾਪਤ

Saturday, Aug 24, 2024 - 01:46 PM (IST)

ਚੋਣ ਕਮਿਸ਼ਨ ਨੇ ਵਿਸਥਾਪਿਤ ਕਸ਼ਮੀਰੀਆਂ ਲਈ 24 ਵੋਟਿੰਗ ਕੇਂਦਰ ਕੀਤੇ ਸਥਾਪਤ

ਜੰਮੂ (ਭਾਸ਼ਾ)- ਚੋਣ ਕਮਿਸ਼ਨ ਨੇ ਆਉਣ ਵਾਲੀਆਂ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਕਸ਼ਮੀਰ ਤੋਂ ਵਿਸਥਾਪਿਤ ਹੋਏ ਲੋਕਾਂ ਦੇ ਵੋਟਿੰਗ ਦੀ ਸਹੂਲਤ ਲਈ ਜੰਮੂ, ਊਧਮਪੁਰ ਅਤੇ ਨਵੀਂ ਦਿੱਲੀ 'ਚ 24 ਵਿਸ਼ੇਸ਼ ਵੋਟਿੰਗ ਕੇਂਦਰ ਬਣਾਏ ਹਨ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪਾਂਡੁਰੰਗ ਕੇ.ਪੋਲ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਕਸ਼ਮੀਰ ਘਾਟੀ ਤੋਂ ਵਿਸਥਾਪਿਤ ਹੋ ਕੇ ਦਿੱਲੀ, ਜੰਮੂ ਅਤੇ ਊਧਮਪੁਰ 'ਚ ਰਹਿ ਰਹੇ ਲੋਕਾਂ ਨੂੰ 'ਫਾਰਮ-ਐੱਮ' ਨਹੀਂ ਭਰਨਾ ਹੋਵੇਗਾ, ਜਿਵੇਂ ਕਿ ਲੋਕ ਸਭਾ ਚੋਣਾਂ 'ਚ ਕਰਨਾ ਪਿਆ ਸੀ। 

ਉਨ੍ਹਾਂ ਕਿਹਾ,''ਜੰਮੂ, ਊਧਮਪੁਰ ਅਤੇ ਦਿੱਲੀ 'ਚ ਰਹਿ ਰਹੇ ਕਸ਼ਮੀਰੀ ਵਿਸਥਾਪਿਤਾਂ ਜਿਨ੍ਹਾਂ ਨੇ ਚੋਣਾਂ 'ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੇ ਮਾਧਿਅਮ ਨਾਲ ਨਿੱਜੀ ਰੂਪ ਨਾਲ ਵੋਟ ਪਾਉਣ ਦਾ ਬਦਲ ਚੁਣਿਆ ਹੈ ਉਹ 24 ਵੋਟਿੰਗ ਕੇਂਦਰਾਂ 'ਤੇ ਅਜਿਹਾ ਕਰ ਸਕਦੇ ਹਨ। ਜੰਮੂ 'ਚ 19, ਊਧਮਪੁਰ 'ਚ ਇਕ ਅਤੇ ਦਿੱਲੀ 'ਚ 4 ਵੋਟਿੰਗ ਕੇਂਦਰ ਸਥਾਪਤ ਕੀਤੇ ਗਏ ਹਨ।'' ਉਨ੍ਹਾਂ ਕਿਹਾ,''ਲੋਕ ਸਭਾ ਚੋਣਾਂ ਦੌਰਾਨ ਭਾਰਤ ਚੋਣ ਕਮਿਸ਼ਨ ਵਲੋਂ ਲਏ ਗਏ ਇਤਿਹਾਸਕ ਫ਼ੈਸਲੇ ਦੇ ਅਨੁਰੂਪ ਇਨ੍ਹਾਂ ਵੋਟਰਾਂ ਲਈ ਫਾਰਮ-ਐੱਮ ਭਰਨ ਦੀ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ।'' ਜੰਮੂ ਕਸ਼ਮੀਰ ਦੀ 90 ਮੈਂਬਰੀ ਵਿਧਾਨ ਸਭਾ ਲਈ ਤਿੰਨ ਪੜਾਵਾਂ ਦੇ ਅਧੀਨ ਚੋਣਾਂ 18 ਸਤੰਬਰ, 25 ਸਤੰਬਰ ਅਤੇ ਇਕ ਅਕਤੂਬਰ ਨੂੰ ਹੋਣਗੀਆਂ। ਨਤੀਜੇ 4 ਅਕਤੂਬਰ ਨੂੰ ਐਲਾਨ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News