ਅੱਜ ਸ਼ਾਮ ਖਤਮ ਹੋ ਜਾਵੇਗਾ ਚੋਣ ਪ੍ਰਚਾਰ, ਚੋਣ ਲੜਾਈ ਲਈ ਸਿਆਸੀ ਪਾਰਟੀਆਂ ਨੇ ਫੂਕੀ ਜਾਨ
Monday, Feb 03, 2025 - 12:09 PM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸੋਮਵਾਰ ਸ਼ਾਮ 5 ਵਜੇ ਖਤਮ ਹੋ ਜਾਵੇਗਾ। 5 ਫਰਵਰੀ ਨੂੰ ਚੋਣ ਲੜਾਈ ਲਈ ਪ੍ਰਚਾਰ ਦੇ ਆਖ਼ਰੀ ਦਿਨ ਸਾਰੀਆਂ ਸਿਆਸੀ ਪਾਰਟੀਆਂ ਨੇ ਜਾਨ ਫੂਕ ਦਿੱਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣ ਜ਼ਾਬਤਾ ਮੁਤਾਬਕ ਵੋਟਿੰਗ ਤੋਂ 48 ਘੰਟੇ ਪਹਿਲਾਂ ਹੀ ਸਾਰੀਆਂ ਜਨ ਸਭਾਵਾਂ, ਚੋਣ ਸਬੰਧੀ ਪ੍ਰੋਗਰਾਮ ਅਤੇ ਪ੍ਰਚਾਰ ਬੰਦ ਹੋ ਜਾਣੇ ਚਾਹੀਦੇ ਹਨ। ਚੋਣ ਕਮਿਸ਼ਨ ਮੁਤਾਬਕ ਇਸ ਸਮੇਂ ਦੌਰਾਨ ਸਿਨੇਮਾ, ਟੀਵੀ ਅਤੇ ਪ੍ਰਿੰਟ ਮੀਡੀਆ ਦੇ ਜ਼ਰੀਏ ਪ੍ਰਚਾਰ ਸਮੱਗਰੀ ਦਾ ਪ੍ਰਸਾਰ 'ਤੇ ਵੀ ਪਾਬੰਦੀ ਲਾਈ ਗਈ ਹੈ।
QMS ਐਪਲੀਕੇਸ਼ਨ ਕੀਤੀ ਗਈ ਲਾਂਚ
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਅੰਕੜਿਆਂ ਮੁਤਾਬਕ 5 ਫਰਵਰੀ ਨੂੰ 13,766 ਵੋਟਿੰਗ ਕੇਂਦਰਾਂ 'ਤੇ 1.56 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚੋਂ 83.76 ਲੱਖ ਪੁਰਸ਼, 72.36 ਲੱਖ ਔਰਤਾਂ ਅਤੇ 1,267 ‘ਤੀਜੇ ਲਿੰਗ’ ਵੋਟਰ ਹਨ। ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ 733 ਪੋਲਿੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਲਈ ਰੱਖੇ ਗਏ ਹਨ। ਚੋਣ ਕਮਿਸ਼ਨ ਨੇ ਭਾਰਤ ਵਿਚ ਪਹਿਲੀ ਵਾਰ 'ਕਿਊ ਮੈਨੇਜਮੈਂਟ ਸਿਸਟਮ' (QMS) ਐਪਲੀਕੇਸ਼ਨ ਵੀ ਲਾਂਚ ਕੀਤੀ ਹੈ, ਜਿਸ ਰਾਹੀਂ ਵੋਟਰ 'ਦਿੱਲੀ ਇਲੈਕਸ਼ਨ-2025 QMS' ਐਪ ਰਾਹੀਂ ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਦੀ ਅਸਲ ਸਮੇਂ ਵਿਚ ਮੌਜੂਦਗੀ ਨੂੰ ਟਰੈਕ ਕਰ ਸਕਦੇ ਹਨ।
ਘਰ ਤੋਂ ਹੀ ਵੋਟ ਪਾਉਣਗੇ ਬਜ਼ੁਰਗ ਅਤੇ ਦਿਵਿਯਾਂਗ
ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਘਰ ਤੋਂ ਹੀ ਵੋਟਿੰਗ ਦੀ ਸਹੂਲਤ ਤਹਿਤ 7,553 ਯੋਗ ਵੋਟਰਾਂ 'ਚੋਂ 6,980 ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਹਨ। ਇਹ ਸੇਵਾ 24 ਜਨਵਰੀ ਤੋਂ ਸ਼ੁਰੂ ਹੋਈ ਅਤੇ 4 ਫਰਵਰੀ ਤੱਕ ਜਾਰੀ ਰਹੇਗੀ। ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਰਧ ਸੈਨਿਕ ਬਲਾਂ ਦੀਆਂ 220 ਕੰਪਨੀਆਂ, 19,000 ਹੋਮਗਾਰਡ ਅਤੇ 35,626 ਦਿੱਲੀ ਪੁਲਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ।
'ਆਪ' ਨੇ ਲਾਈ ਸੀ ਜਿੱਤ ਦੀ ਹੈਟ੍ਰਿਕ
ਦੱਸ ਦੇਈਏ ਕਿ 'ਆਪ' ਨੇ 2015 'ਚ 70 'ਚੋਂ 67 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ ਸਨ ਅਤੇ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ। 'ਆਪ' ਨੇ 2020 ਵਿਚ 62 ਸੀਟਾਂ ਨਾਲ ਆਪਣਾ ਦਬਦਬਾ ਕਾਇਮ ਰੱਖਿਆ, ਜਦੋਂ ਕਿ ਭਾਜਪਾ ਨੇ 8 ਸੀਟਾਂ ਜਿੱਤੀਆਂ ਅਤੇ ਕਾਂਗਰਸ ਇਕ ਵਾਰ ਫਿਰ ਖਾਤਾ ਖੋਲ੍ਹਣ ਵਿਚ ਅਸਫਲ ਰਹੀ।