ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੁਜਰਾਤ ਦੇ 8 ਲੋਕ ਅਹਿਮਦਾਬਾਦ ਪਹੁੰਚੇ

Sunday, Feb 16, 2025 - 04:10 PM (IST)

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੁਜਰਾਤ ਦੇ 8 ਲੋਕ ਅਹਿਮਦਾਬਾਦ ਪਹੁੰਚੇ

ਅਹਿਮਦਾਬਾਦ- ਅਮਰੀਕਾ ਤੋਂ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਕਾਰਨ ਡਿਪੋਰਟ ਕੀਤੇ ਗਏ 116 ਭਾਰਤੀਆਂ 'ਚ ਸ਼ਾਮਲ ਗੁਜਰਾਤ ਦੇ 8 ਲੋਕਾਂ ਨੂੰ ਲੈ ਕੇ ਇੱਕ ਜਹਾਜ਼ ਐਤਵਾਰ ਨੂੰ ਅੰਮ੍ਰਿਤਸਰ ਤੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਉਤਰਨ ਮਗਰੋਂ ਪੁਲਸ ਵਾਹਨਾਂ 'ਚ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਨੂੰ ਭੇਜ ਦਿੱਤਾ ਗਿਆ। ਸਹਾਇਕ ਪੁਲਸ ਕਮਿਸ਼ਨਰ ('ਜੀ' ਡਿਵੀਜ਼ਨ) ਆਰ. ਡੀ. ਓਝਾ ਨੇ ਕਿਹਾ ਕਿ ਗੁਜਰਾਤ ਤੋਂ ਡਿਪੋਰਟ ਕੀਤੇ ਗਏ 8 ਪ੍ਰਵਾਸੀ ਐਤਵਾਰ ਸਵੇਰੇ 11 ਵਜੇ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ। ਇਨ੍ਹਾਂ 'ਚ ਇਕ ਔਰਤ ਅਤੇ ਇਕ ਬੱਚਾ ਵੀ ਸ਼ਾਮਲ ਸੀ।

ਅਮਰੀਕਾ ਤੋਂ 116 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਇਕ ਜਹਾਜ਼ ਸ਼ਨੀਵਾਰ ਦੇਰ ਰਾਤ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਸੀ। ਇਹ 8 ਲੋਕ ਉਨ੍ਹਾਂ 116 ਭਾਰਤੀਆਂ 'ਚ ਸ਼ਾਮਲ ਸਨ। ਸੂਤਰਾਂ ਅਨੁਸਾਰ ਇਨ੍ਹਾਂ 8 ਵਿਅਕਤੀਆਂ 'ਚੋਂ ਤਿੰਨ ਗਾਂਧੀਨਗਰ ਅਤੇ ਇਕ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਇਹ 8 ਲੋਕ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੇ ਹਿੱਸੇ ਵਜੋਂ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਦੂਜੇ ਸਮੂਹ ਦਾ ਹਿੱਸਾ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਫਰਵਰੀ ਨੂੰ ਇਕ ਅਮਰੀਕੀ ਫੌਜੀ ਜਹਾਜ਼ 104 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ  ਅੰਮ੍ਰਿਤਸਰ ਲਿਆਇਆ ਸੀ, ਜਿਨ੍ਹਾਂ ਦੇ ਹੱਥਾਂ 'ਤੇ ਹੱਥਕੜੀਆਂ ਸਨ।  ਇਨ੍ਹਾਂ ਵਿਚੋਂ 33 ਗੁਜਰਾਤ ਦੇ ਸਨ। ਇਕ ਹੋਰ ਉਡਾਣ ਐਤਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਦੀ ਸੰਭਾਵਨਾ ਹੈ, ਜੋ 157 ਹੋਰ ਭਾਰਤੀਆਂ ਨੂੰ ਵਾਪਸ ਲੈ ਕੇ ਆਵੇਗੀ। ਗੁਜਰਾਤ ਦੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਇਨ੍ਹਾਂ ਡਿਪੋਰਟ ਕੀਤੇ ਨਾਗਰਿਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਰੁਜ਼ਗਾਰ ਜਾਂ ਕਰੀਅਰ ਦੀ ਭਾਲ ਵਿਚ ਵਿਦੇਸ਼ ਗਏ ਸਨ ਅਤੇ ਉਨ੍ਹਾਂ ਨੂੰ ਅਪਰਾਧੀਆਂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।


author

Tanu

Content Editor

Related News