ਮੱਧ ਪ੍ਰਦੇਸ਼ ''ਚ ਦਰਦਨਾਕ ਹਾਦਸਾ; ਤਾਲਾਬ ''ਚ ਡੁੱਬਣ ਨਾਲ 8 ਬੱਚਿਆਂ ਦੀ ਮੌਤ

Monday, Jul 24, 2023 - 10:56 AM (IST)

ਮੱਧ ਪ੍ਰਦੇਸ਼ ''ਚ ਦਰਦਨਾਕ ਹਾਦਸਾ; ਤਾਲਾਬ ''ਚ ਡੁੱਬਣ ਨਾਲ 8 ਬੱਚਿਆਂ ਦੀ ਮੌਤ

ਸਿਵਨੀ- ਮੱਧ ਪ੍ਰਦੇਸ਼ ਦੇ ਸਿਵਨੀ, ਭਿੰਡ ਅਤੇ ਉਮਰੀਆ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਘਟਨਾਵਾਂ 'ਚ 8 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਵਨੀ ਜ਼ਿਲ੍ਹੇ ਦੇ ਕੁਰਈ ਥਾਣਾ ਮੁਖੀ ਨੰਦਕਿਸ਼ੋਰ ਧੁਰਵੇ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਸਥਿਤ ਧੋਬੀ ਸਰਰਾ ਪਿੰਡ 'ਚ 5 ਤੋਂ 10 ਸਾਲ ਦੀ ਉਮਰ ਦੇ 4 ਮੁੰਡੇ ਐਤਵਾਰ ਸ਼ਾਮ ਨੂੰ ਪਿੰਡ 'ਚ ਆਪਣੇ ਘਰਾਂ ਕੋਲ ਤਾਲਾਬ 'ਚ ਨਹਾਉਣ ਗਏ ਸਨ, ਤਾਂ ਉਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ।

ਧੁਰਵੇ ਮੁਤਾਬਕ ਜਦੋਂ ਬੱਚੇ ਘਰ ਨਹੀਂ ਪਰਤੇ ਤਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਅਤੇ ਸ਼ਾਮ ਕਰੀਬ ਸਾਢੇ 6 ਵਜੇ ਉਨ੍ਹਾਂ ਨੂੰ ਤਾਲਾਬ ਕੋਲ ਬੱਚਿਆਂ ਦੇ ਕੱਪੜੇ ਤੈਰਦੇ ਉਨ੍ਹਾਂ ਦੀਆਂ ਲਾਸ਼ਾਂ ਵਿਖਾਈ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਉੱਥੇ ਭਿੰਡ ਜ਼ਿਲ੍ਹੇ ਦੇ ਉਮਰੀ ਥਾਣਾ ਮੁਖੀ ਰਵਿੰਦਰ ਸ਼ਰਮਾ ਨੇ ਦੱਸਿਆ ਕਿ 11 ਅਤੇ 14 ਸਾਲ ਦੇ ਦੋ ਚਚੇਰੇ ਭਰਾ ਐਤਵਾਰ ਦੁਪਹਿਰ ਕਿਚੋਲ ਪਿੰਡ 'ਚ ਇਕ ਤਾਲਾਬ 'ਚ ਨਹਾਉਂਦੇ ਸਮੇਂ ਡੁੱਬ ਗਏ।

ਸ਼ਰਮਾ ਮੁਤਾਬਕ ਪਿੰਡ ਵਾਸੀਆਂ ਨੇ ਦੋਹਾਂ ਮੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਤਾਲਾਬ 'ਚੋਂ ਬਾਹਰ ਕੱਢਿਆ। ਮੁੰਡਿਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਮਰੀਆ ਵਿਚ ਕੋਤਵਾਲੀ ਥਾਣਾ ਮੁਖੀ ਰਾਘਵੇਂਦਰ ਤਿਵਾੜੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਹਰਾ ਪਿੰਡ ਵਿਚ ਐਤਵਾਰ ਦੁਪਹਿਰ 6 ਸਾਲ ਦਾ ਇਕ ਮੁੰਡਾ ਅਤੇ ਉਸ ਦੀ 9 ਸਾਲ ਦੀ ਭੈਣ ਮੀਂਹ ਨਾਲ ਭਰੇ ਟੋਏ 'ਚ ਡੁੱਬ ਗਏ। ਤਿਵਾੜੀ ਮੁਤਾਬਕ ਮੁੰਡਾ ਖੇਤ ਵਿਚ ਸਥਿਤ ਟੋਏ 'ਚ ਹੱਥ ਧੋਣ ਗਿਆ ਅਤੇ ਪਾਣੀ 'ਚ ਫਿਸਲ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਮੁੰਡੇ ਦੀ ਭੈਣ ਨੇ ਉਸ ਨੂੰ ਡੁੱਬਦੇ ਵੇਖਿਆ ਤਾਂ ਉਹ ਉਸ ਨੂੰ ਬਚਾਉਣ ਲਈ ਪਾਣੀ ਦੇ ਟੋਏ 'ਚ ਉਤਰ ਗਈ ਪਰ ਦੋਵੇਂ ਡੁੱਬ ਗਏ। ਅਧਿਕਾਰੀਆਂ ਮੁਤਾਬਕ ਪੁਲਸ ਨੇ ਤਿੰਨੋਂ ਘਟਨਾਵਾਂ ਦੇ ਸਬੰਧ ਵਿਚ ਅਚਾਨਕ ਮੌਤ ਦੇ ਮਾਮਲੇ ਦਰਜ ਕੀਤੇ ਹਨ।


author

Tanu

Content Editor

Related News