ਕਸ਼ਮੀਰ ਘਾਟੀ ''ਚ ਧੂਮਧਾਮ ਨਾਲ ਮਨਾਈ ਗਈ ਈਦ

Monday, Mar 31, 2025 - 02:57 PM (IST)

ਕਸ਼ਮੀਰ ਘਾਟੀ ''ਚ ਧੂਮਧਾਮ ਨਾਲ ਮਨਾਈ ਗਈ ਈਦ

ਸ਼੍ਰੀਨਗਰ- ਸੋਮਵਾਰ ਨੂੰ ਪੂਰੇ ਕਸ਼ਮੀਰ 'ਚ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਡਲ ਝੀਲ ਦੇ ਕੰਢੇ ਸਥਿਤ ਹਜ਼ਰਤਬਲ ਦਰਗਾਹ 'ਤੇ ਵੱਡੀ ਗਿਣਤੀ 'ਚ ਸ਼ਰਧਾਲੂ ਇਕੱਠੇ ਹੋਏ। ਅਧਿਕਾਰੀਆਂ ਨੇ ਪੁਰਾਣੇ ਸ਼੍ਰੀਨਗਰ ਸ਼ਹਿਰ ਦੀ ਈਦਗਾਹ ਅਤੇ ਇਤਿਹਾਸਕ ਜਾਮਾ ਮਸਜਿਦ ਵਿਚ ਈਦ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਦੋਵਾਂ ਥਾਵਾਂ 'ਤੇ ਸੁਰੱਖਿਆ ਬਲਾਂ ਦੀ ਵੱਡੀ ਟੁਕੜੀ ਤਾਇਨਾਤ ਸੀ। ਅੰਜੁਮਨ ਔਕਾਫ਼ ਜਾਮਾ ਮਸਜਿਦ ਨੇ ਐਲਾਨ ਕੀਤਾ ਸੀ ਕਿ ਈਦ ਦੀ ਨਮਾਜ਼ ਪੁਰਾਣੇ ਸ਼ਹਿਰ ਦੀ ਈਦਗਾਹ 'ਚ ਸਵੇਰੇ 10 ਵਜੇ ਹੋਵੇਗੀ।

ਉਨ੍ਹਾਂ ਅਧਿਕਾਰੀਆਂ ਨੂੰ ਧਾਰਮਿਕ ਸਮਾਗਮਾਂ 'ਤੇ ਪਾਬੰਦੀ ਨਾ ਲਗਾਉਣ ਦੀ ਵੀ ਅਪੀਲ ਕੀਤੀ। ਕਸ਼ਮੀਰ ਦੇ ਮੁਖੀ ਮੌਲਵੀ ਮੀਰਵਾਇਜ਼ ਉਮਰ ਫਾਰੂਕ ਨੇ ਈਦਗਾਹ 'ਤੇ ਈਦ ਦਾ ਉਪਦੇਸ਼ ਦੇਣਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਮੂਹਿਕ ਨਮਾਜ਼ ਤੋਂ ਪਹਿਲਾਂ ਉਨ੍ਹਾਂ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਹਜ਼ਰਤਬਲ ਵਿਚ ਨਮਾਜ਼ ਅਦਾ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਵਿਚੋਂ ਸਨ।

ਘਾਟੀ ਦੇ ਸਾਰੇ ਜ਼ਿਲ੍ਹਿਆਂ ਤੋਂ ਈਦ ਦੀ ਨਮਾਜ਼ ਲਈ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਦੀ ਸੂਚਨਾ ਹੈ। ਹਰ ਉਮਰ ਦੇ ਲੋਕ ਸੁੰਦਰ ਪਹਿਰਾਵੇ ਵਿਚ ਸਜੇ ਨਮਾਜ਼ ਅਦਾ ਕਰਨ ਲਈ ਈਦਗਾਹਾਂ, ਮਸਜਿਦਾਂ ਅਤੇ ਦਰਗਾਹਾਂ 'ਤੇ ਇਕੱਠੇ ਹੋਏ। ਰਮਜ਼ਾਨ ਦੇ ਮਹੀਨੇ ਦੀ ਸਮਾਪਤੀ 'ਤੇ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲਣ ਜਾਂਦੇ ਹਨ, ਉਨ੍ਹਾਂ ਨੂੰ ਤੋਹਫ਼ੇ ਅਤੇ ਸ਼ੁੱਭਕਾਮਨਾਵਾਂ ਦਿੰਦੇ ਹਨ।


author

Tanu

Content Editor

Related News