ਸਿੱਖਿਆ ਕੁਝ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਬਣਨੀ ਚਾਹੀਦੀ : ਰਾਹੁਲ
Sunday, Oct 12, 2025 - 09:51 PM (IST)

ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਨੂੰ ਇਕ ਅਜਿਹੀ ਸਿੱਖਿਆ ਪ੍ਰਣਾਲੀ ਦੀ ਲੋੜ ਹੈ ਜੋ ਦੇਸ਼ ਦੀ ਅਮੀਰ ਵੰਨ-ਸੁਵੰਨਤਾ ਨੂੰ ਦਰਸਾਉਂਦੀ ਹੋਵੇ ਤੇ ਇਹ ਕੁਝ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਾ ਬਣੇ।
ਕੋਲੰਬੀਆ, ਬ੍ਰਾਜ਼ੀਲ, ਪੇਰੂ ਤੇ ਚਿਲੀ ਦੇ ਇਕ ਹਫ਼ਤੇ ਦੇ ਦੌਰੇ ਦੌਰਾਨ ਪੇਰੂ ਦੀ ਪੋਂਟੀਫਿਕਲ ਕੈਥੋਲਿਕ ਯੂਨੀਵਰਸਿਟੀ ਤੇ ਚਿਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਪਿੱਛੋਂ ਆਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਰਾਹੁਲ ਨੇ ਕਿਹਾ ਕਿ ਇਹ ਆਜ਼ਾਦੀ ਦੀ ਨੀਂਹ ਹੈ। ਭਾਰਤ ਨੂੰ ਇਕ ਬਦਲਵੀਂ ਨਿਰਮਾਣ ਪ੍ਰਣਾਲੀ ਬਣਾਉਣ ਦੀ ਲੋੜ ਹੈ। ਇਸ ਨੂੰ ਹਾਸਲ ਕਰਨ ਲਈ ਸੰਯੁਕਤ ਰਾਜ ਅਮਰੀਕਾ ਜਾਂ ਪੇਰੂ ਨਾਲ ਭਾਈਵਾਲੀ ਇਕ ਸੰਭਾਵੀ ਰਸਤਾ ਹੋ ਸਕਦਾ ਹੈ।
ਕਾਂਗਰਸ ਨੇ ਦੱਖਣੀ ਅਮਰੀਕਾ ’ਚ ਵਿਦਿਆਰਥੀਆਂ ਨਾਲ ਰਾਹੁਲ ਦੀ ਗੱਲਬਾਤ ਦਾ ਇਕ ਵੀਡੀਓ ਵੀ ਸਾਂਝਾ ਕੀਤਾ। ਪਾਰਟੀ ਨੇ ਕਿਹਾ ਕਿ ਰਾਹੁਲ ਨੇ ਪੇਰੂ ਦੀਆਂ ਉਕਤ ਯੂਨੀਵਰਸਿਟੀਆਂ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।
ਇਸ ਵਿਚ ਕਿਹਾ ਗਿਆ ਹੈ ਕਿ ਡੂੰਘਾਈ ਨਾਲ ਹੋਈ ਇਹ ਗੱਲਬਾਤ ਸਿੱਖਿਆ, ਲੋਕਰਾਜ, ਭੂ-ਸਿਆਸਤ ਤੇ ਅੱਜ ਦੇ ਬਹੁ-ਧਰੁਵੀ ਸੰਸਾਰ ’ਚ ਭਾਰਤ ਨੂੰ ਕਿਵੇਂ ਅੱਗੇ ਵਧਣਾ ਚਾਹੀਦਾ ਹੈ, ’ਤੇ ਕੇਂਦ੍ਰਿਤ ਸੀ।
ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਵਾਲੀ ਸਿੱਖਿਆ ਪ੍ਰਣਾਲੀ ਦੀ ਲੋੜ
ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਸਿੱਖਿਆ ਦੀ ਗੱਲ ਆਉਂਦੀ ਹੈ ਤਾਂ ਇਹ ਉਤਸੁਕਤਾ ਤੇ ਖੁੱਲ੍ਹ ਕੇ ਸੋਚਣ ਦੀ ਆਜ਼ਾਦੀ ਨਾਲ ਸ਼ੁਰੂ ਹੁੰਦੀ ਹੈ। ਇਹ ਬਿਨਾਂ ਕਿਸੇ ਡਰ ਜਾਂ ਸਮਾਜਿਕ-ਸਿਆਸੀ ਰੁਕਾਵਟਾਂ ਦੇ ਸਵਾਲ ਪੁੱਛਦੀ ਹੈ।
ਸਿੱਖਿਆ ਨੂੰ ਕੁਝ ਚੋਣਵੇਂ ਲੋਕਾਂ ਲਈ ਵਿਸ਼ੇਸ਼ ਅਧਿਕਾਰ ਨਹੀਂ ਬਣਨਾ ਚਾਹੀਦਾ ਕਿਉਂਕਿ ਇਹ ਆਜ਼ਾਦੀ ਦੀ ਅਸਲ ਨੀਂਹ ਹੈ। ਭਾਰਤ ਨੂੰ ਇਕ ਅਜਿਹੀ ਸਿੱਖਿਆ ਪ੍ਰਣਾਲੀ ਦੀ ਲੋੜ ਹੈ ਜੋ ਵਿਗਿਆਨਕ ਸੋਚ ਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰੇ। ਨਾਲ ਹੀ ਸਾਡੇ ਦੇਸ਼ ਦੀ ਅਮੀਰ ਵੰਨ-ਸੁਵੰਨਤਾ ਨੂੰ ਵੀ ਦਰਸਾਉਂਦੀ ਹੋਵੇ।