''ਮੱਲਪੁਰਮ ਜਵੈਲਰੀ ਹਾਊਸ'' ’ਤੇ ED ਦਾ ਸ਼ਿਕੰਜਾ, ਮਾਲਕ ਦਾ 2.51 ਕਰੋੜ ਦਾ ਸੋਨਾ ਕੀਤਾ ਜ਼ਬਤ
Wednesday, Dec 07, 2022 - 04:53 PM (IST)
ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਕੇਰਲ ਦੇ 'ਮੱਲਪੁਰਮ ਜਵੈਲਰੀ ਹਾਊਸ' ਸਥਿਤ ਇਕ ਜਵੈਲਰੀ ਹਾਊਸ ਦੇ ਮਾਲਕ ਦੇ ਕੰਪਲੈਕਸ ’ਚ ਬਣੇ ਇਕ ਗੁਪਤ ਕਮਰੇ ’ਚੋਂ 2.51 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਕਾਰੋਬਾਰੀ ਕਥਿਤ ਤੌਰ 'ਤੇ 'ਕੂਟਨੀਤਕ ਸਾਮਾਨ ਰਾਹੀਂ ਸੋਨੇ ਦੀ ਤਸਕਰੀ' ਦਾ ਲਾਭਪਾਤਰੀ ਹੈ। ਸੰਘੀ ਏਜੰਸੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਕਾਰਵਾਈ ਅਬੂਬਕਰ ਪਾਜੇਦਾਥ ਖ਼ਿਲਾਫ਼ ਕੀਤੀ ਗਈ ਹੈ, ਜੋ 'ਮਾਲਾਬਾਰ ਜਵੈਲਰੀ' ਅਤੇ 'ਫਾਈਨ ਗੋਲਡ ਜਵੈਲਰੀ' ਦੇ ਮਾਲਕ ਹਨ। ਦੋਵੇਂ ਗਹਿਣਿਆਂ ਦੇ ਸਟੋਰ ਕੇਰਲ ਦੇ ਮੱਲਪੁਰਮ ਵਿਚ ਸਥਿਤ ਹਨ।
ਅਬੂਬਕਰ ਕੋਝੀਕੋਡ ਸਥਿਤ ਐਟਲਸ ਗੋਲਡ ਸੁਪਰ ਮਾਰਕੀਟ ਪ੍ਰਾਈਵੇਟ ਲਿਮਟਿਡ ਦਾ ਵੀ ਸ਼ੇਅਰਧਾਰਕ ਹੈ। 5 ਜੁਲਾਈ, 2020 ਨੂੰ ਕੇਰਲ ਦੇ ਤਿਰੂਵਨੰਤਪੁਰਮ ਦੇ ਹਵਾਈ ਅੱਡੇ 'ਤੇ UAE ਕੌਂਸਲੇਟ ਦੇ ਡਿਪਲੋਮੈਟਿਕ ਸਾਮਾਨ ਤੋਂ ਲਗਭਗ 15 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਕਸਟਮ ਵਿਭਾਗ ਇਸ ਜ਼ਬਤੀ ਨਾਲ ਬੇਨਕਾਬ ਹੋਏ ਰੈਕੇਟ ਦੀ ਵੱਖਰੇ ਤੌਰ 'ਤੇ ਜਾਂਚ ਕਰ ਰਹੇ ਹਨ।
ਈਡੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਦਾ ਹੈ ਕਿ ਮੱਲਪੁਰਮ ਦਾ ਅਬੂਬਕਰ ਸੋਨੇ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਦਾ ਹਿੱਸਾ ਹੈ, ਜਿਸ ਦੀ ਅਗਵਾਈ ਸਰਿਤ ਪੀ. ਐੱਸ, ਸਵਪਨਾ ਸੁਰੇਸ਼ ਅਤੇ ਸੰਦੀਪ ਨਾਇਕ ਵੱਲੋਂ ਕੀਤੀ ਗਈ ਹੈ। ਜਿਨ੍ਹਾਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਐੱਮ. ਸ਼ਿਵਸ਼ੰਕਰ ਦੀ ਸਰਪ੍ਰਸਤੀ ਪ੍ਰਾਪਤ ਹੈ। ਸ਼ਿਵਸ਼ੰਕਰ ਕੇਰਲ ਦੇ ਮੁੱਖ ਮੰਤਰੀ ਦਾ ਸਾਬਕਾ ਮੁੱਖ ਸਕੱਤਰ ਹੈ ਅਤੇ ਉਹ ਇਸ ਤਸਕਰੀ ਦੇ ਲਾਭਪਾਤਰੀਆਂ ’ਚ ਸ਼ਾਮਲ ਹੈ। ਏਜੰਸੀ ਨੇ ਦਾਅਵਾ ਕੀਤਾ ਕਿ 5 ਜੁਲਾਈ, 2020 ਨੂੰ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਤਸਕਰੀ ਦੇ ਸੋਨੇ ਵਿੱਚੋਂ, ਤਿੰਨ ਕਿਲੋਗ੍ਰਾਮ ਅਬੂਬਕਰ ਦਾ ਸੀ।
ਏਜੰਸੀ ਨੇ ਕਿਹਾ ਕਿ ਅਬੂਬਕਰ ਨੇ ਕਬੂਲ ਕੀਤਾ ਹੈ ਕਿ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਸੋਨੇ ’ਚੋਂ 3 ਕਿਲੋਗ੍ਰਾਮ ਸੋਨਾ ਉਸ ਦਾ ਸੀ, ਇਸ ਤੋਂ ਇਲਾਵਾ ਉਸ ਨੇ ਇਹ ਵੀ ਸਵੀਕਾਰ ਕੀਤਾ ਸੀ ਕਿ ਉਸ ਨੇ ਪਿਛਲੇ ਸਮੇਂ ਯੂ. ਏ. ਈ. ਦੇ ਵਣਜ ਦੂਤਘਰ ਦੇ ਡਿਪਲੋਮੈਟਿਕ ਸਾਮਾਨ ਰਾਹੀਂ ਇਸ ਤਰ੍ਹਾਂ ਹੋਰ 6 ਕਿਲੋਗ੍ਰਾਮ ਹੋਰ ਸੋਨੇ ਦੀ ਤਸਕਰੀ ਕਰ ਚੁੱਕਾ ਹੈ। ਤਸਕਰੀ ਕੀਤੇ ਗਏ ਸੋਨੇ ਨੂੰ ਖਰੀਦਣ ਲਈ ਲਈ ਉਸ ਦੀਆਂ ਕਾਰੋਬਾਰੀ ਕੰਪਨੀਆਂ (ਮਾਲਾਬਾਰ ਜਵੈਲਰੀ, ਫਾਈਨ ਗੋਲਡ ਅਤੇ ਐਟਲਸ ਗੋਲਡ ਸੁਪਰ ਮਾਰਕੀਟ ਪ੍ਰਾਈਵੇਟ ਲਿਮਟਿਡ) ਤੋਂ ਫੰਡ ਇਕੱਠੇ ਕੀਤੇ ਗਏ ਸਨ।