ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਲਾਲ ਸਿੰਘ ਦੀ ਪਤਨੀ ਦੇ ਵਿਦਿਅਕ ਟਰੱਸਟ ਨਾਲ ਜੁੜੇ ਟਿਕਾਣਿਆਂ ’ਤੇ ED ਵਲੋਂ ਛਾਪੇ
Tuesday, Oct 17, 2023 - 07:53 PM (IST)

ਜੰਮੂ, (ਭਾਸ਼ਾ)- ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੰਗਲਵਾਰ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਲਾਲ ਸਿੰਘ ਦੀ ਪਤਨੀ ਅਤੇ ਇਕ ਸਾਬਕਾ ਸਰਕਾਰੀ ਅਧਿਕਾਰੀ ਵਲੋਂ ਚਲਾਏ ਜਾਂਦੇ ਵਿਦਿਅਕ ਟਰੱਸਟ ਲਈ ਜ਼ਮੀਨ ਦੀ ਖਰੀਦ ਵਿੱਚ ਕਥਿਤ ਬੇਨਿਯਮੀਆਂ ਲਈ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਮਾਮਲਾ ਦਰਜ ਕੀਤਾ ਤੇ ਜੰਮੂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਛਾਪੇ ਮਾਰੇ।
ਜਾਂਚ ਏਜੰਸੀ ਨੇ ਆਰ. ਬੀ. ਐਜੂਕੇਸ਼ਨਲ ਟਰੱਸਟ, ਇਸ ਦੀ ਚੇਅਰਪਰਸਨ ਅਤੇ ਲਾਲ ਸਿੰਘ ਦੀ ਪਤਨੀ ਕਾਂਤਾ ਤੇ ਸਾਬਕਾ ਮਾਲੀਆ ਅਧਿਕਾਰੀ ਰਵਿੰਦਰ ਵਿਰੁੱਧ ਦਰਜ ਕੇਸ ਨੂੰ ਲੈ ਕੇ ਜੰਮੂ, ਕਠੂਆ ਅਤੇ ਪਠਾਨਕੋਟ ਵਿੱਚ ਅੱਠ ਟਿਕਾਣਿਆਂ ’ਤੇ ਛਾਪੇ ਮਾਰੇ।
ਮਨੀ ਲਾਂਡਰਿੰਗ ਦਾ ਇਹ ਕੇਸ ਜੰਮੂ ਕਸ਼ਮੀਰ ਖੇਤੀਬਾੜੀ ਸੁਧਾਰ ਕਾਨੂੰਨ, 1976 ਦੀ ਧਾਰਾ 14 ਅਧੀਨ 100 ਕਨਾਲਾਂ ਦੀ ਵੱਧ ਤੋਂ ਵੱਧ ਹੱਦ ਦੀ ਉਲੰਘਣਾ ਦੇ ਸਬੰਧ ਵਿੱਚ ਅਕਤੂਬਰ 2021 ਵਿੱਚ ਸੀ.ਬੀ.ਆਈ. ਵਲੋਂ ਦਾਇਰ ਚਾਰਜਸ਼ੀਟ ਨਾਲ ਸਬੰਧਤ ਹੈ।
ਇਸ ਕਾਰਨ ਟਰੱਸਟ ਨੂੰ ਬੇਲੋੜਾ ਵਿੱਤੀ ਲਾਭ ਹੋਇਆ। ਸੀ.ਬੀ.ਆਈ. ਦੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਦੇ ਆਧਾਰ ’ਤੇ ਟਰੱਸਟ ਨੇ 5 ਜਨਵਰੀ ਅਤੇ 7 ਜਨਵਰੀ 2011 ਨੂੰ ਤਿੰਨ ‘ਗਿਫਟ ਡੀਡਜ਼’ ਰਾਹੀਂ ਕਰੀਬ 329 ਕਨਾਲ ਜ਼ਮੀਨ ਹਾਸਲ ਕੀਤੀ। ਈ. ਡੀ. ਨੇ ਨੋਟ ਕੀਤਾ ਕਿ ਟਰੱਸਟ ਵਲੋਂ ਡੀ.ਪੀ.ਐੱਸ. ਸਕੂਲ ਅਤੇ ਹੋਰ ਵਪਾਰਕ ਸਰਗਰਮੀਆਂ ਲਈ ਵਾਧੂ ਜ਼ਮੀਨ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੰਗਲਵਾਰ ਜਿਨ੍ਹਾਂ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ’ਚ ਟਰੱਸਟ, ਇਸ ਦੀ ਚੇਅਰਪਰਸਨ, ਜ਼ਮੀਨ ਦਾਨ ਕਰਨ ਵਾਲੇ, ਜ਼ਮੀਨ ਦਾਨੀਆਂ ਵਲੋਂ ਪਾਵਰ ਆਫ਼ ਅਟਾਰਨੀ ਧਾਰਕ, ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਗਵਾਹ, ਆਰ. ਬੀ. ਐਜੂਕੇਸ਼ਨਲ ਟਰੱਸਟ ਨੂੰ ਗਲਤ ਤਰੀਕੇ ਨਾਲ ਵਰਤਣ ਵਾਲੇ ਤੇ ਦਸਤਾਵੇਜ਼ ਜਾਰੀ ਕਰਨ ਵਾਲੇ ਤਤਕਾਲੀ ਪਟਵਾਰੀ ਸ਼ਾਮਲ ਹਨ।