‘ਨੌਕਰੀ ਬਦਲੇ ਜ਼ਮੀਨ’ ਮਾਮਲੇ ’ਚ ਲਾਲੂ ਦੀ ਬੇਟੀ ਰਾਗਿਨੀ ਤੋਂ ਈ. ਡੀ. ਨੇ ਕੀਤੀ ਪੁੱਛਗਿੱਛ

Thursday, Apr 13, 2023 - 02:57 PM (IST)

ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ. ) ਨੇ ਰੇਲਵੇ ’ਚ ਨੌਕਰੀ ਪਾਉਣ ਬਦਲੇ ਜ਼ਮੀਨ ਦੇਣ ਦੇ ਕਥਿਤ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਬੁੱਧਵਾਰ ਨੂੰ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰਾਗਿਨੀ ਦਾ ਬਿਆਨ ਦਰਜ ਕੀਤਾ।

ਸੂਤਰਾਂ ਅਨੁਸਾਰ ਰਾਗਿਨੀ ਯਾਦਵ ਪੁੱਛਗਿੱਛ ਲਈ ਏਜੰਸੀ ਦੇ ਸਾਹਮਣੇ ਪੇਸ਼ ਹੋਈ ਅਤੇ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ.) ਤਹਿਤ ਉਸ ਦਾ ਬਿਆਨ ਦਰਜ ਕੀਤਾ ਗਿਆ।

ਕਥਿਤ ਘਪਲਾ ਉਸ ਸਮੇਂ ਹੋਇਆ ਸੀ, ਲਾਲੂ ਸਾਂਝਾ ਪ੍ਰਗਤੀਸ਼ੀਲ ਮੋਰਚਾ (ਯੂ. ਪੀ. ਏ.)-1 ਸਰਕਾਰ ’ਚ ਰੇਲ ਮੰਤਰੀ ਸਨ। ਏਜੰਸੀਆਂ ਦਾ ਦੋਸ਼ ਹੈ ਕਿ 2004-09 ਦੀ ਮਿਆਦ ਦੌਰਾਨ ਭਾਰਤੀ ਰੇਲਵੇ ਦੇ ਵੱਖ-ਵੱਖ ਜ਼ੋਨਾਂ ’ਚ ਗਰੁੱਪ-ਡੀ ਦੇ ਅਹੁਦਿਆਂ ’ਤੇ ਵੱਖ-ਵੱਖ ਿਵਅਕਤੀਆਂ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਦੇ ਬਦਲੇ ’ਚ ਸਬੰਧਤ ਵਿਅਕਤੀਆਂ ਨੇ ਆਪਣੀ ਜ਼ਮੀਨ ਉਸ ਸਮੇਂ ਦੇ ਰੇਲਵੇ ਮੰਤਰੀ ਲਾਲੂ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਅਤੇ ਇਸ ਮਾਮਲੇ ’ਚ ਇਕ ਲਾਭਪਾਤਰੀ ਕੰਪਨੀ ਏ. ਕੇ. ਇੰਫੋਸਿਸਟਮਜ਼ ਪ੍ਰਾਈਵੇਟ ਲਿਮ. ਨੂੰ ਟ੍ਰਾਂਸਫਰ ਕਰ ਕੇ ਦਿੱਤੀ ਸੀ।

ਏਜੰਸੀ ਨੇ ਇਸ ਸਾਲ ਮਾਰਚ ’ਚ ਰਾਗਿਨੀ ਯਾਦਵ ਅਤੇ ਉਸ ਦੀਆਂ ਭੈਣਾਂ ਚੰਦਾ ਯਾਦਵ, ਹੇਮਾ ਯਾਦਵ ਅਤੇ ਸਾਬਕਾ ਰਾਜਦ ਵਿਧਾਇਕ ਅੱਬੂ ਦੋਜਾਨਾ ਦੇ ਪਟਨਾ, ਫੁਲਵਾਰੀਸ਼ਰੀਫ, ਦਿੱਲੀ-ਐੱਨ. ਸੀ. ਆਰ., ਰਾਂਚੀ ਅਤੇ ਮੁੰਬਈ ਸਥਿਤ ਕੰਪਲੈਕਸਾਂ ’ਤੇ ਛਾਪੇ ਮਾਰੇ ਸਨ।

ਈ. ਡੀ. ਨੇ ਸੋਮਵਾਰ ਨੂੰ ਉਕਤ ਮਾਮਲੇ ’ਚ ਰਾਗਿਨੀ ਯਾਦਵ ਦੇ ਭਰਾ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਸੀ। ਲਾਲੂ ਪ੍ਰਸਾਦ ਦੀ ਪੁੱਤਰੀ ਅਤੇ ਰਾਜਦ ਸੰਸਦ ਮੈਂਬਰ ਮੀਸਾ ਭਾਰਤੀ ਤੋਂ ਵੀ ਈ. ਡੀ. ਨੇ 25 ਮਾਰਚ ਨੂੰ ਇਸ ਮਾਮਲੇ ’ਚ ਪੁੱਛਗਿੱਛ ਕੀਤੀ ਸੀ। ਉਸੇ ਦਿਨ ਤੇਜਸਵੀ ਯਾਦਵ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਏ ਸਨ।

ਦੋਵੇਂ ਕੇਂਦਰੀ ਏਜੰਸੀਆਂ ਨੇ ਮਾਮਲੇ ਬਾਰੇ ਹਾਲ ਹੀ ਵਿਚ ਕਾਰਵਾਈ ਸ਼ੁਰੂ ਕੀਤੀ ਹੈ।

ਸੀ. ਬੀ. ਆਈ. ਨੇ ਲਾਲੂ ਪ੍ਰਸਾਦ ਅਤੇ ਉਸ ਦੀ ਪਤਨੀ ਰਾਬੜੀ ਦੇਵੀ ਤੋਂ ਪੁੱਛਗਿੱਛ ਕੀਤੀ ਅਤੇ ਈ. ਡੀ. ਨੇ ਰਾਜਦ ਮੁਖੀ ਦੇ ਪਰਿਵਾਰ ’ਚ ਛਾਪੇਮਾਰੀ ਕੀਤੀ ਹੈ। ਈ. ਡੀ. ਨੇ ਛਾਪੇ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੇ 1 ਕਰੋੜ ਰੁਪਏ ਦੀ ਐਣ-ਐਲਾਨੀ ਨਕਦੀ ਜ਼ਬਤ ਕੀਤੀ ਹੈ ਅਤੇ ਅਪਰਾਧ ਜ਼ਰੀਏ ਜੋੜੇ 600 ਕਰੋੜ ਦਾ ਪਤਾ ਲਗਾਇਆ ਹੈ।


Rakesh

Content Editor

Related News