ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ੀ ਕਰੰਸੀ ਰੱਖਣ ਲਈ ਈ.ਡੀ. ਵਲੋਂ ਗਿਲਾਨੀ ਨੂੰ ਨੋਟਿਸ ਜਾਰੀ
Thursday, Jun 29, 2017 - 11:23 PM (IST)
ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਹੁਰੀਅਤ ਦੇ ਕੱਟੜਪੰਥੀ ਧੜੇ ਦੇ ਲੀਡਰ ਸਈਦ ਅਲੀ ਸ਼ਾਹ ਗਿਲਾਨੀ ਨੂੰ 2002 'ਚ ਗੈਰ-ਕਾਨੂੰਨੀ ਢੰਗ ਨਾਲ 10 ਹਜ਼ਾਰ ਡਾਲਰ ਰੱਖਣ ਦੇ ਮਾਮਲੇ 'ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਨਕਮ ਟੈਕਸ ਵਿਭਾਗ ਨੇ 2002 'ਚ ਸ਼੍ਰੀਨਗਰ ਦੇ ਹੈਦਰਪੁਰਾ 'ਚ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਸੀ। ਕੇਂਦਰੀ ਜਾਂਚ ਏਜੰਸੀ ਨੇ ਇਸ 87 ਸਾਲਾ ਨੇਤਾ ਨੂੰ ਫੇਮਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਇਹ ਨੋਟਿਸ ਜਾਰੀ ਕੀਤਾ ਹੈ। ਇਨਕਨ ਟੈਕਸ ਵਿਭਾਗ ਦੀ ਰਿਪੋਰਟ ਦੀ ਜਾਣਕਾਰੀ ਲੈਂਦੇ ਹੋਏ ਈ.ਡੀ. ਨੇ ਉਨ੍ਹਾਂ ਨੂੰ ਈ.ਡੀ. ਸਾਹਮਣੇ ਪੇਸ਼ ਹੋਣ ਲਈ ਸੰਮਨ ਵੀ ਜਾਰੀ ਕੀਤਾ ਸੀ। ਈ.ਡੀ. ਨੇ ਆਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੇ ਵਕੀਲ ਨੇ ਉਨ੍ਹਾਂ ਦੇ ਘਰ ਵਿਦੇਸ਼ੀ ਕਰੰਸੀ ਮਿਲਣ ਦੀ ਗੱਲ ਤੋਂ ਇਨਕਾਰ ਕੀਤਾ ਸੀ ਪਰ ਹੋਰ ਸੰਮਨ ਜਾਰੀ ਹੋਣ ਦੇ ਬਾਅਦ ਉਨ੍ਹਾਂ ਦੇ ਚਾਰਟਡ ਅਕਾਉਂਟੇਂਟ ਨੇ ਅਪੀਲ ਦਸਤਾਵੇਜ਼ ਸੌਂਪ ਕੇ ਵਿਦੇਸ਼ੀ ਕਰੰਸੀ ਜ਼ਬਤੀ ਤੇ ਵਸੂਲੀ ਦੀ ਪੁਸ਼ਟੀ ਕੀਤੀ। ਫਿਲਹਾਲ ਉਹ ਇਸ ਕਰੰਸੀ ਦੇ ਮਿਲਣ ਤੇ ਰੱਖਣ ਦੇ ਸ੍ਰੋਤ ਬਾਰੇ ਜਾਣਕਾਰੀ ਨਹੀਂ ਦੇ ਸਕੇ ਹਨ ਤੇ ਇਸ ਲਈ ਉਹ ਫੇਮਾ ਦੇ ਤਹਿਤ ਕਾਰਵਾਈ ਦੇ ਭਾਗੀ ਹਨ। ਏਜੰਸੀ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਇਹ ਕਾਰਨ ਦੱਸਣ ਲਈ ਕਿਹਾ ਹੈ ਕਿ ਵਸੂਲ ਕਰੰਸੀ ਜ਼ਬਤ ਕਿਉਂ ਨਾ ਕੀਤੀ ਜਾਵੇ ਤੇ ਉਨ੍ਹਾਂ ਨੂੰ ਜੁਰਮਾਨਾ ਕਿਉਂ ਨਾ ਕੀਤਾ ਜਾਵੇ।