ਛੱਤੀਸਗੜ੍ਹ ਕੋਲਾ ਘਪਲਾ : CM ਦੇ ਉੱਪ ਸਕੱਤਰ, ਇਕ IAS ਅਧਿਕਾਰੀ ਤੇ ਹੋਰਾਂ ਦੀਆਂ ਜਾਇਦਾਦਾਂ ਕੁਰਕ

12/10/2022 5:51:15 PM

ਨਵੀਂ ਦਿੱਲੀ (ਭਾਸ਼ਾ)- ਇਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਥਿਤ ਕੋਲਾ ਲੇਵੀ ਘਪਲਾ ਤੇ ਮਨੀ ਲਾਂਡਰਿੰਗ ਮਾਮਲੇ ਵਿਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਉੱਪ ਸਕੱਤਰ ਸੌਮਿਆ ਚੌਰਸੀਆ, ਇਕ ਆਈ.ਏ.ਐੱਸ ਅਧਿਕਾਰੀ ਸਮੀਰ ਬਿਸ਼ਨੋਈ ਅਤੇ ਹੋਰ ਮੁਲਜ਼ਮਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈ. ਡੀ. ਨੇ ਸ਼ਨੀਵਾਰ ਕਿਹਾ ਕਿ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੁਝ ਚੱਲ ਅਤੇ 91 ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਹੈ। ਕੁੱਲ 152.31 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ।

ਈ. ਡੀ. ਅਨੁਸਾਰ ਕੁਰਕ ਕੀਤੀਆਂ ਗਈਆਂ ਜਾਇਦਾਦਾਂ 'ਚ ਕੋਲਾ ਵਪਾਰੀਆਂ ਦੀਆਂ 65 ਅਤੇ ਮਾਮਲੇ ਦੇ ਮੁੱਖ ਮਾਸਟਰਮਾਈਂਡ ਸੂਰਿਆਕਾਂਤ ਤਿਵਾੜੀ ਤੇ ਚੌਰਸੀਆ ਦੀਆਂ 21 ਜਾਇਦਾਦਾਂ ਸ਼ਾਮਲ ਹਨ। ਬਿਸ਼ਨੋਈ ਦੀਆਂ ਪੰਜ ਜਾਇਦਾਦਾਂ ਵੀ ਕੁਰਕ ਕੀਤੀਆਂ ਗਈਆਂ ਹਨ। ਜਾਇਦਾਦਾਂ ’ਚ ਨਕਦੀ, ਗਹਿਣੇ, ਫਲੈਟ ਅਤੇ ਛੱਤੀਸਗੜ੍ਹ ਸਥਿਤ ਪਲਾਟ ਸ਼ਾਮਲ ਹਨ। ਏਜੰਸੀ ਨੇ ਕਿਹਾ ਕਿ ਈ.ਡੀ. ਦੀ ਜਾਂਚ ਇਕ ਵੱਡੇ ਘਪਲੇ ਨਾਲ ਸਬੰਧਤ ਹੈ ਜਿਸ 'ਚ ਛੱਤੀਸਗੜ੍ਹ 'ਚ ਸੀਨੀਅਰ ਨੌਕਰਸ਼ਾਹਾਂ, ਕਾਰੋਬਾਰੀਆਂ, ਸਿਆਸਤਦਾਨਾਂ ਅਤੇ ਦਲਾਲਾਂ ਦੇ ਇੱਕ ਰੈਕੇਟ ਵਲੋਂ 25 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਕੋਲੇ ਦੀ ਗੈਰ-ਕਾਨੂੰਨੀ ਜ਼ਬਰੀ ਵਸੂਲੀ ਕੀਤੀ ਜਾ ਰਹੀ ਸੀ।


DIsha

Content Editor

Related News