ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ''ਚ ਲੱਗੇ ਭੂਚਾਲ ਦੇ ਤਕੜੇ ਝਟਕੇ, ਮਾਹਰਾਂ ਨੇ ਕਿਹਾ-ਖ਼ਤਰਾ ਅਜੇ ਟਲਿਆ ਨਹੀਂ

02/07/2017 6:09:46 PM

ਨਵੀਂ ਦਿੱਲੀ— ਸੋਮਵਾਰ ਰਾਤੀਂ 10.35 ਵਜੇ ਉੱਤਰੀ ਭਾਰਤ ਵੱਖ-ਵੱਖ ਹਿੱਸਿਆਂ ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ''ਚ ਭੂਚਾਲ ਦੇ ਤਕੜੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ''ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਅਤੇ ਇਸ ਦਾ ਕੇਂਦਰ ਉਤਰਾਖੰਡ ਦੇ ਰੁਦਰਪ੍ਰਯਾਗ ''ਚ ਜ਼ਮੀਨ ਦੀ ਸਤ੍ਹਾ ਤੋਂ 33 ਕਿਲੋਮੀਟਰ ਹੇਠਾਂ ਸੀ। ਰਾਹਤ ਵਾਲੀ ਗੱਲ ਇਹ ਹੈ ਕਿ ਭੂਚਾਲ ਕਾਰਨ ਕਿਤੇ ਵੀ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਭੂਚਾਲ ਦੇ ਝਟਕੇ ਮਹਿਸੂਸ ਹੁੰਦਿਆਂ ਹੀ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ ''ਚੋਂ ਬਾਹਰ ਨਿਕਲ ਕੇ ਖੁੱਲ੍ਹੀਆਂ ਥਾਂਵਾਂ ਵੱਲ ਭੱਜਦੇ ਨਜ਼ਰ ਆਏ। ਇਸ ਦੇ ਝਟਕੇ ਲਗਾਤਾਰ 10-12 ਸਕਿੰਟਾਂ ਤੱਕ ਮਹਿਸੂਸ ਕੀਤੇ ਗਏ। ਬਹੁਤ ਸਾਰੇ ਲੋਕਾਂ ਨੇ ਭੂਚਾਲ ਆਉਣ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਆਪਣੇ-ਆਪਣੇ ਅਨੁਭਵ ਵੀ ਸਾਂਝੇ ਕੀਤੇ। ਹਾਲਾਂਕਿ ਇਸ ਤੋਂ ਬਾਅਦ ਰਾਤੀਂ 1.52 ਵਜੇ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਨੇ ਲੋਕਾਂ ਨੂੰ ਮੁੜ ਪਰੇਸ਼ਾਨ ਕਰ ਦਿੱਤਾ। 
ਖ਼ਤਰਾ ਅਜੇ ਟਲਿਆ ਨਹੀਂ 
ਭੂ ਵਿਗਿਆਨੀਆਂ ਦਾ ਮੰਨਣਾ ਹੈ ਕਿ ਭੂਚਾਲ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ ਅਤੇ ਉਨ੍ਹਾਂ ਨੇ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ''ਚ ਰਿਕਟਰ ਸਕੇਲ ''ਤੇ 8 ਦੀ ਤੀਬਰਤਾ ਵਾਲੇ ਭੂਚਾਲ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਵਾਡੀਆ ਹਿਮਾਲਾ ਭੂ ਵਿਗਿਆਨ ਸੰਸਥਾਨ ਦੇ ਮਾਹਰਾਂ ਮੁਤਾਬਕ ਇਹ ਭੂਚਾਲ ਆਉਣ ਵਾਲੇ ਦਿਨਾਂ ਤੋਂ ਲੈ ਕੇ 50 ਸਾਲਾਂ ਬਾਅਦ ਵੀ ਆ ਸਕਦਾ ਹੈ। ਇਸ ਦੀ ਮੁੱਖ ਵਜ੍ਹਾ ਹੈ, ਇਨ੍ਹਾਂ ਹਿਮਾਲਿਆਈ ਖੇਤਰਾਂ ''ਚ ਜ਼ਮੀਨਦੋਜ਼ ਪਲੇਟਾਂ ਦਾ ਲਗਾਤਾਰ ਤਣਾਅ ਦੀ ਸਥਿਤੀ ''ਚ ਰਹਿਣਾ। ਸੰਸਥਾਨ ਦੇ ਸੀਨੀਅਰ ਵਿਗਿਆਨੀ ਡਾ. ਸੁਸ਼ੀਲ ਕੁਮਾਰ ਮੁਤਾਬਕ ਇੰਡੀਅਨ ਪਲੇਟ ਸਲਾਨਾ 45 ਮਿਲੀਮੀਟਰ ਦੀ ਰਫ਼ਤਾਰ ਨਾਲ ਯੂਰੇਸ਼ੀਅਨ ਪਲੇਟ ਦੇ ਹੇਠਾਂ ਦਾਖਲ ਹੋ ਰਹੀ ਹੈ, ਜਿਸ ਕਾਰਨ ਜ਼ਮੀਨ ਹੇਠਾਂ ਲਗਾਤਾਰ ਊਰਜਾ ਇਕੱਠੀ ਹੋ ਰਹੀ ਹੈ। ਤਣਾਅ ਦੇ ਵਾਧੇ ਕਾਰਨ ਜਿਹੜੀ ਊਰਜਾ ਬਾਹਰ ਨਿਕਲਦੀ ਹੈ, ਉਸ ਕਾਰਨ ਜ਼ਮੀਨਦੋਜ਼ ਚੱਟਾਨਾਂ ਫਟ ਸਕਦੀਆਂ ਹਨ। 2000 ਕਿਲੋਮੀਟਰ ਲੰਬੀ ਹਿਮਾਲਾ ਲੜੀ ਦੇ ਹਰੇਕ 100 ਕਿਲੋਮੀਟਰ ਦੇ ਇਲਾਕੇ ''ਚ ਉੱਚ ਸਮਰੱਥਾ ਦਾ ਭੂਚਾਲ ਆ ਸਕਦਾ ਹੈ। ਹਿਲਾਲਿਆਈ ਇਲਾਕੇ ''ਚ ਅਜਿਹੀਆਂ 20 ਥਾਂਵਾਂ ਹਨ। ਦੱਸ ਦਈਏ ਕਿ ਇਨ੍ਹਾਂ ਇਲਾਕਿਆਂ ''ਚ ਸ਼ਕਤੀਸ਼ਾਲੀ ਭੂਚਾਲ ਆਉਣ ''ਚ ਕਰੀਬ 200 ਸਾਲਾਂ ਦਾ ਸਮਾਂ ਲੱਗਦਾ ਹੈ। ਅਪ੍ਰੈਲ 2015 ''ਚ ਨੇਪਾਲ ਦੇ ਕਾਠਮੰਡੂ ''ਚ ਆਏ ਭੂਚਾਲ ਨੂੰ ਇਸ ਗੱਲ ਦਾ ਇੱਕ ਪ੍ਰਮਾਣ ਸਮਝਿਆ ਜਾ ਸਕਦਾ ਹੈ। ਕਾਠਮੰਡੂ ਤੋਂ 80 ਕਿਲੋਮੀਟਰ ਦੂਰ ਪੱਛਮ-ਉੱਤਰ ''ਚ ਇਸੇ ਕੇਂਦਰ ''ਚ ਰਿਕਟਰ ਸਕੇਲ ''ਤੇ 7.5 ਦੀ ਤੀਬਰਤਾ ਵਾਲਾ ਭੂਚਾਲ ਸਾਲ 1833 ''ਚ ਆਇਆ ਸੀ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਉਤਰਾਖੰਡ ਸਮੇਤ ਸਮੁੱਚੇ ਉੱਤਰੀ ਭਾਰਤ ''ਚ ਕਦੇ ਵੀ ਵਿਨਾਸ਼ਕਾਰੀ ਭੂਚਾਲ ਆ ਸਕਦੇ ਹਨ ਅਤੇ ਇਹ ਰੁਦਰਪ੍ਰਯਾਗ ''ਚ ਆਏ ਭੂਚਾਲ ਤੋਂ ਕਿਤੇ ਵਧ ਉੱਚ ਸਮਰੱਥਾ ਵਾਲਾ ਹੋ ਸਕਦਾ ਹੈ। ਉਤਰਾਖੰਡ ਸਮੇਤ ਸਾਰੇ ਹਿਮਾਲਿਆਈ ਸੂਬੇ ਅਜਿਹੀ ਐਲਪਾਈਨ ਪੱਟੀ ''ਚ ਆਉਂਦੇ ਹਨ, ਜਿਨ੍ਹਾਂ ''ਚ ਸੰਸਾਰ ਦੇ 10 ਫੀਸਦੀ ਭੂਚਾਲ ਆਉਂਦੇ ਹਨ। ਨੇਪਾਲ ਵੀ ਇਸ ਐਲਪਾਈਨ ਪੱਟੀ ''ਚ ਆਉਂਦਾ ਹੈ। ਵੈਸੇ ਇਹ ਪੱਟੀ ਨਿਊਜ਼ੀਲੈਂਡ ਤੋਂ ਹੁੰਦਿਆਂ ਹੋਇਆਂ ਆਸਟਰੇਲੀਆ, ਇੰਡੋਨੇਸ਼ੀਆ, ਅੰਡੇਮਾਨ ਅਤੇ ਨਿਕੋਬਾਰ, ਜੰਮੂ ਕਸ਼ਮੀਰ, ਅਫਗਾਨਿਸਤਾਨ, ਭੂ ਮੱਧ ਸਾਗਰ ਅਤੇ ਯੂਰਪ ਤੱਕ ਫੈਲੀ ਹੋਈ ਹੈ। ਵਿਗਿਆਨੀਆਂ ਮੁਤਾਬਕ ਕਰੀਬ 4 ਕਰੋੜ ਸਾਲ ਪਹਿਲਾਂ ਅੱਜ ਜਿੱਥੇ ਹਿਮਾਲਾ ਪਰਬਤ ਹਨ, ਉੱਥੋਂ ਭਾਰਤ ਕਰੀਬ ਪੰਜ ਹਜ਼ਾਰ ਕਿਲੋਮੀਟਰ ਦੂਰ ਦੱਖਣ ''ਚ ਸੀ। ਪਲੇਟਾਂ ਦੇ ਤਣਾਅ ਕਾਰਨ ਹੌਲੀ-ਹੌਲੀ ਏਸ਼ੀਆ ਅਤੇ ਭਾਰਤ ਨਜ਼ਦੀਕ ਹੁੰਦੇ ਗਏ ਅਤੇ ਹਿਮਾਲਾ ਦਾ ਨਿਰਮਾਣ ਹੋਇਆ। ਪਲੇਟਾਂ ਦੀ ਇਸੇ ਗਤੀ ਦੇ ਕਾਰਨ ਇੱਕ ਸਮਾਂ ਅਜਿਹਾ ਵੀ ਆਵੇਗਾ, ਜਦੋਂ ਦਿੱਲੀ ''ਚ ਪਹਾੜ ਹੋਂਦ ''ਚ ਆ ਜਾਣਗੇ।
ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਲਿਆ ਹਾਲਾਤ ਦਾ ਜਾਇਜ਼ਾ
ਉੱਧਰ ਗ੍ਰਹਿ  ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਬੀਤੀ ਰਾਤ ਆਏ ਭੂਚਾਲ ''ਤੇ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਗ੍ਰਹਿ ਮੰਤਰਾਲੇ ਭੂਚਾਲ ਪ੍ਰਭਾਵਿਤ ਉਤਰਾਖੰਡ ਅਤੇ ਉੱਤਰੀ ਭਾਰਤ ਦੇ ਹੋਰ ਰਾਜਾਂ ''ਚ ਹਾਲਾਤ ਬਾਰੇ ਕਰੀਬ ਤੋਂ ਨਿਗਰਾਨੀ ਰੱਖ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਮੁਹਿੰਮ ਲਈ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਗਾਜ਼ੀਆਬਾਦ ਤੋਂ ਉਤਰਾਖੰਡ ਭੇਜੀਆਂ ਗਈਆਂ ਹਨ। 
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਉੱਤਰੀ ਭਾਰਤ ''ਚ ਭੂਚਾਲ ਆਉਣ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ''ਮੈਂ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ''ਚ ਭੂਚਾਲ ਆਉਣ ਤੋਂ ਬਾਅਦ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।'' ਉਨ੍ਹਾਂ ਕਿਹਾ, ''ਪੀ. ਐੱਮ. ਓ. (ਪ੍ਰਧਾਨ ਮੰਤਰੀ ਦਫ਼ਤਰ) ਉਤਰਾਖੰਡ ''ਚ ਅਧਿਕਾਰੀਆਂ ਦੇ ਸੰਪਰਕ ''ਚ ਹੈ। ਮੈਂ ਸਾਰਿਆਂ ਦੀ ਸੁਰੱਖਿਆ ਅਤੇ ਸਲਾਮਤ ਹੋਣ ਦੀ ਪ੍ਰਾਰਥਨਾ ਕਰਦਾ ਹਾਂ।''

Related News