ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੇ ਹੱਕ 'ਚ ਨਿੱਤਰੇ ਮਨਜਿੰਦਰ ਸਿੰਘ ਸਿਰਸਾ

02/17/2020 12:54:06 PM

ਨਵੀਂ ਦਿੱਲੀ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਯਾਨੀ ਸੋਮਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਯਮੁਨਾ ਕਿਨਾਰੇ ਸਥਿਤ ਗੁਰਦੁਆਰਾ ਮਜਨੂੰ ਦਾ ਟੀਲਾ ਦੇ ਦੱਖਣੀ ਛੋਰ 'ਤੇ ਝੁੱਗੀਆਂ ਵਿਚ ਰਹਿ ਰਹੇ ਪਾਕਿਸਤਾਨੀ ਹਿੰਦੂ, ਸਿੱਖ ਸ਼ਰਨਾਰਥੀਆਂ ਨੂੰ ਤੱਤਕਾਲ ਨਾਗਰਿਕਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।

ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਪਾਕਿਸਤਾਨ ਤੋਂ ਆਏ ਹਿੰਦੂ ਸਿੱਖ ਸ਼ਰਨਾਰਥੀਆਂ ਦੇ ਨਾਲ ਇਤਿਹਾਸਕ ਗੁਰਦੁਆਰਾ ਮਜਨੂੰ ਦਾ ਟੀਲਾ ਵਿਖੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਿਰਸਾ ਨੇ ਕਿਹਾ ਕਿ 2 ਫਰਵਰੀ ਤੋਂ 16 ਫਰਵਰੀ 2020 ਦੌਰਾਨ ਲਗਭਗ 60 ਪਰਿਵਾਰ ਪਾਕਿਸਤਾਨ ਤੋਂ ਨਵੀਂ ਦਿੱਲੀ ਪਹੁੰਚੇ ਹਨ ਜਦੋਂਕਿ 10 ਸ਼ਰਨਾਰਥੀ ਪਰਿਵਾਰ ਬੀਤੇ ਦਿਨ ਪਾਕਿਸਤਾਨ ਤੋਂ ਨਵੀਂ ਦਿੱਲੀ ਆਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਲਗਭਗ 160 ਸ਼ਰਨਾਰਥੀ ਪਰਿਵਾਰ ਭਾਰਤੀ ਨਾਗਰਿਕਤਾ ਦੀ ਆਸ ਵਿਚ ਦਿੱਲੀ ਵਿਖੇ ਮੁਸ਼ਕਲ ਹਾਲਾਤ 'ਚ ਆਪਣਾ ਜੀਵਨ ਬਿਤਾ ਰਹੇ ਹਨ। ਸ਼ਰਨਾਰਥੀ ਪਰਿਵਾਰਾਂ ਦੇ ਬਹੁਤ ਸਾਰੇ ਮੈਂਬਰ ਪ੍ਰਫ਼ੈਸ਼ਨਲ ਤੌਰ 'ਤੇ ਮਾਹਿਰ ਪੇਸ਼ੇਵਰ ਹਨ ਅਤੇ ਉਹ ਆਪਣੀਆਂ ਸੇਵਾਵਾਂ ਰਾਹੀਂ ਦੇਸ਼ ਦੇ ਵਿਕਾਸ ਅਤੇ ਅਰਥਵਿਵਸਥਾ ਵਿਚ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਆਪਣੇ ਸਬੰਧਤ ਪੇਸ਼ੇ ਵਿਚ ਕੰਮ ਕਰਦੇ ਹੋਏ ਨਿਯਮਤ ਜੀਵਨ ਸ਼ੈਲੀ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਇਸ ਸਿਲਸਿਲੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਨਾਗਰਿਕਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚਰਚਾ ਕੀਤੀ ਹੈ ਅਤੇ ਗ੍ਰਹਿ ਮੰਤਰੀ ਦਾ ਇਸ ਪ੍ਰਤੀ ਹਾਂ-ਪੱਖੀ ਦ੍ਰਿਸ਼ਟੀਕੋਣ ਹੈ। ਉਹ ਉਨ੍ਹਾਂ ਦੀਆਂ ਮੰਗਾਂ ਦੇ ਪ੍ਰਤੀ ਪੂਰੀ ਹਮਦਰਦੀ ਰੱਖਦੇ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਇਸ ਸਿਲਸਿਲੇ ਵਿਚ ਤਤਕਾਲ ਹੱਲ ਲੱਭਣ ਦਾ ਨਿਰਦੇਸ਼ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਸਬੰਧ ਵਿਚ ਜਲਦੀ ਹੀ ਕੋਈ ਹਾਂ-ਪੱਖੀ ਨਤੀਜੇ ਮਿਲਣਗੇ।

ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਤੋਂ ਆਏ ਪਰਿਵਾਰਾਂ ਦੀਆਂ ਵੀਜ਼ਾ ਸ਼ਰਤਾਂ 'ਚ ਰਿਆਇਤ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਮੇਂ ਉਨ੍ਹਾਂ ਦੀਆਂ ਵੀਜ਼ਾ ਸ਼ਰਤਾਂ ਮੁਤਾਬਕ ਉਹ ਸਿਰਫ ਦਿੱਲੀ ਜਾਂ ਹਰਿਦੁਆਰ ਵਿਚ ਹੀ ਰਹਿ ਸਕਦੇ ਹਨ ਅਤੇ ਕਿਸੇ ਹੋਰ ਅਸਥਾਨ 'ਤੇ ਜਾਣ ਦੀ ਇਜਾਜ਼ਤ ਨਹੀਂ ਹੈ।


DIsha

Content Editor

Related News