ਦਿੱਲੀ ਦਾ ਲਾਲ ਕਿਲ੍ਹਾ ਬੰਦ, ਸਿੰਘੂ ਬਾਰਡਰ ਵੀ ਸੀਲ, ਦਿੱਲੀ-ਨੋਇਡਾ ਵਿਚਾਲੇ ਭਿਆਨਕ ਜਾਮ ''ਚ ਫਸੇ ਕਈ ਵਾਹਨ
Tuesday, Feb 13, 2024 - 01:48 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਸਰਹੱਦਾਂ 'ਤੇ ਚੁੱਕੇ ਗਏ ਕਦਮਾਂ ਕਾਰਨ ਮੰਗਲਵਾਰ ਸਵੇਰੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵਾਹਨ ਚਾਲਕਾਂ ਨੂੰ ਭਾਰੀ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਸਰਹੱਦ 'ਤੇ ਆਵਾਜਾਈ ਹੌਲੀ ਰਫ਼ਤਾਰ ਨਾਲ ਚਲੀ, ਕਿਉਂਕਿ ਪੁਲਸ ਨੇ ਰਾਸ਼ਟਰੀ ਰਾਜਧਾਨੀ ਵਿਚ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਕਈ ਪੱਧਰ ਦੇ ਬੈਰੀਕੇਡ ਲਗਾਏ ਸਨ। ਯਾਤਰੀਆਂ ਨੂੰ ਟਰੈਫਿਕ ਜਾਮ ਨਾਲ ਜੂਝਣਾ ਪਿਆ ਅਤੇ ਕਿਸਾਨਾਂ ਦੇ ਦਾਖ਼ਲੇ ਨੂੰ ਰੋਕਣ ਲਈ ਦਿੱਲੀ ਨੂੰ ਕਿਲ੍ਹੇ 'ਚ ਤਬਦੀਲ ਕਰ ਦਿੱਤਾ ਗਿਆ। ਦਿੱਲੀ ਪੁਲਸ ਨੇ ਸੁਰੱਖਿਆ ਕਾਰਨਾਂ ਕਰ ਕੇ ਲਾਲ ਕਿਲ੍ਹਾ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਲਾਲ ਕਿਲ੍ਹੇ ਦੇ ਮੇਨ ਗੇਟ 'ਤੇ ਕਈ ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਹੈ, ਗੇਟ 'ਤੇ ਬੱਸ, ਟਰੱਕ ਖੜ੍ਹੀ ਕਰ ਦਿੱਤੀ ਗਈ, ਜਿਸ ਨਾਲ ਕੋਈ ਗੱਡੀ ਅੰਦਰ ਆਸਾਨੀ ਨਾਲ ਦਾਖ਼ਲ ਨਾ ਹੋ ਸਕੇ। ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਪੁਲਸ ਨੇ ਸ਼ਹਿਰ ਦੇ ਸਰਹੱਦੀ ਚੌਕਾਂ ’ਤੇ ਕੰਕਰੀਟ ਬਲਾਕ, ਲੋਹੇ ਦੀਆਂ ਮੇਖਾਂ ਅਤੇ ਕੰਟੇਨਰਾਂ ਦੀਆਂ ਦੀਵਾਰਾਂ ਬਣਾ ਕੇ ਸੁਰੱਖਿਆ ਵਧਾ ਦਿੱਤੀ ਹੈ। ਸਵੇਰੇ 7 ਵਜੇ ਤੋਂ ਹੀ ਗਾਜ਼ੀਪੁਰ, ਸਿੰਘੂ ਅਤੇ ਟਿੱਕਰੀ ਸਰਹੱਦ 'ਤੇ ਵਾਹਨ ਬਹੁਤ ਹੌਲੀ ਰਫ਼ਤਾਰ ਨਾਲ ਚਲਦੇ ਨਜ਼ਰ ਆਏ।
ਘੱਟੋ-ਘੱਟ ਇਕ ਘੰਟੇ ਤੱਕ ਜਾਮ 'ਚ ਫਸੀ ਰਹੀ ਜੂਲੀ ਲਾਰੈਂਸ ਨੇ ਕਿਹਾ,''ਮੈਨੂੰ ਅੱਜ ਹੋਣ ਵਾਲੇ ਕਿਸਾਨਾਂ ਦੇ ਮਾਰਚ ਬਾਰੇ ਪਤਾ ਸੀ ਅਤੇ ਮੈਂ ਗੁਰੂਗ੍ਰਾਮ ਦੇ ਸੈਟਕਰ 29 ਸਥਿਤ ਆਪਣੇ ਘਰ ਤੋਂ ਇਕ ਘੰਟੇ ਪਹਿਲੇ ਦਫ਼ਤਰ ਲਈ ਨਿਕਲੀ ਸੀ। ਆਵਾਜਾਈ ਦੀ ਸਥਿਤੀ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਲਦੀ ਨਿਕਲਣ ਦੇ ਬਾਵਜੂਦ ਮੈਂ ਮੱਧ ਦਿੱਲੀ 'ਚ ਆਪਣੇ ਦਫ਼ਤਰ 'ਚ ਕੁਝ ਘੰਟੇ ਦੇਰੀ ਨਾਲ ਪਹੁੰਚ ਸਕਾਂਗੀ।'' ਇਹ ਦੇਖਦੇ ਹੋਏ ਕੰਮਕਾਜੀ ਘੰਟਿਆਂ ਦੌਰਾਨ ਹਰ ਦਿਨ ਦਿੱਲੀ ਅਤੇ ਗੁਰੂਗ੍ਰਾਮ ਵਿਚਾਲੇ 2 ਲੱਖ ਤੋਂ ਵੱਧ ਲੋਕ ਯਾਤਰਾ ਕਰਦੇ ਹਨ, ਇਕ ਆਵਾਜਾਈ ਪੁਲਸ ਅਧਿਕਾਰੀ ਨੇ ਲੋਕਾਂ ਨੂੰ ਮੈਟਰੋ ਸੇਵਾਵਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਗਾਜ਼ੀਪੁਰ ਬਾਰਡਰ 'ਤੇ ਨੋਇਡਾ ਅੇਤ ਦਿੱਲੀ ਨੂੰ ਜੋੜਨ ਵਾਲੇ ਮੁੱਖ ਹਿੱਸੇ ਦੇ ਅੱਧੇ ਹਿੱਸੇ 'ਤੇ ਬੈਰੀਕੇਡ ਲੱਗੇ ਹੋਣ ਕਾਰਨ ਇਕ ਸਮੇਂ 'ਚ ਸਿਰਫ਼ 2 ਵਾਹਨ ਵੀ ਲੰਘ ਪਾ ਰਹੇ ਸਨ। ਗਾਜ਼ੀਪੁਰ ਬਾਰਡਰ ਕੋਲ ਪੁਲਸ ਨੇ ਲਿੰਕ ਸੜਕਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਵਾਹਨ ਇਕ ਲਾਈਨ 'ਚ ਚੱਲ ਰਹੇ ਸਨ। ਇਕ ਹੋਰ ਯਾਤਰੀ ਕ੍ਰਿਤਿਕਾ ਸ਼ਰਮਾ ਨੇ ਕਿਹਾ ਕਿ ਉਹ ਸਵੇਰੇ 6 ਵਜੇ ਆਪਣੇ ਦਫ਼ਤਰ ਲਈ ਨਿਕਲੀ ਸੀ ਪਰ 9 ਵਜੇ ਤੱਕ ਵੀ ਜਾਮ 'ਚ ਫਸੀ ਰਹੀ। ਸਿੰਘੂ ਅਤੇ ਟਿਕਰੀ ਬਾਰਡਰ 'ਤੇ ਵੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8