PM ਮੋਦੀ ਤੇ ਇਮਰਾਨ ਨਾਲ ਜਲਦੀ ਹੀ ਕਰਾਂਗਾ ਮੁਲਾਕਾਤ : ਟਰੰਪ

09/17/2019 9:26:38 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਜਲਦੀ ਹੀ ਮੁਲਾਕਾਤ ਕਰਨਗੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਘੱਟ ਕਰਨ ਲਈ ਕਾਫੀ ਕੰਮ ਹੋਇਆ ਹੈ। ਟਰੰਪ 22 ਸਤੰਬਰ ਨੂੰ ਹਿਊਸਟਨ 'ਚ ਹੋਣ ਵਾਲੇ 'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤੀ-ਅਮਰੀਕੀਆਂ ਨੂੰ ਸੰਬੋਧਤ ਕਰਨਗੇ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਪਾਕਿਸਤਾਨ ਦੇ ਪੀ. ਐੱਮ. ਨਾਲ ਉਹ ਕਦੋਂ ਮੁਲਾਕਾਤ ਕਰਨਗੇ। ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ 'ਚ ਇਕ ਪ੍ਰਸ਼ਨ ਦੇ ਉੱਤਰ 'ਚ ਪੱਤਰਕਾਰਾਂ ਨੂੰ ਕਿਹਾ,'ਮੈਂ ਭਾਰਤ ਤੇ ਪਾਕਿਸਤਾਨ ਦੇ ਪੀ. ਐੱਮਜ਼ ਨੂੰ ਮਿਲਾਂਗਾ।''

ਟਰੰਪ ਦੇ ਪ੍ਰੋਗਰਾਮ ਮੁਤਾਬਕ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਅਗਲੇ ਮਹੀਨੇ ਨਿਊਯਾਰਕ 'ਚ ਹੋਣ ਵਾਲੇ ਸਾਂਝੇ ਰਾਸ਼ਟਰ ਮਹਾਸਭਾ ਦੇ ਸੈਸ਼ਨ ਤੋਂ ਵੱਖਰੀ ਮੁਲਾਕਾਤ ਕਰ ਸਕਦੇ ਹਨ। 'ਹਾਉਡੀ ਮੋਦੀ' ਪ੍ਰੋਗਰਾਮ 'ਚ 50,000 ਤੋਂ ਵਧੇਰੇ ਭਾਰਤੀ-ਅਮਰੀਕੀਆਂ ਦੀ ਰਿਕਾਰਡ ਗਿਣਤੀ ਨੂੰ ਸੰਬੋਧਤ ਕਰਨ ਮਗਰੋਂ ਟਰੰਪ ਓਹੀਓ ਜਾਣਗੇ ਤੇ ਇਸ ਦੇ ਬਾਅਦ ਉਨ੍ਹਾਂ ਦੇ ਸੰਯੁਕਤ ਰਾਸ਼ਟਰ ਸਲਾਨਾ ਮਹਾਸਭਾ ਸੈਸ਼ਨ 'ਚ ਜਾਣ ਦੀ ਸੰਭਾਵਨਾ ਹੈ। ਟਰੰਪ ਨੇ ਕਸ਼ਮੀਰ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ 'ਤਣਾਅ ਘਟਾਉਣ ਲਈ ਕਾਫੀ ਕੁੱਝ ਕੀਤਾ ਗਿਆ ਹੈ।'' ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੂਬੇ ਦਾ ਦਰਜਾ ਹਟਾਉਣ ਦੇ ਫੈਸਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ।


Related News