ਟਰੰਪ ਬੋਲੇ, 'ਚੋਣਾਂ ਜਿੱਤਿਆ ਤਾਂ ਬਾਜ਼ਾਰ ਮਾਰੇਗਾ ਛਾਲਾਂ ਨਹੀਂ ਤਾਂ ਡਿੱਗੇਗਾ ਧੜੰਮ'
Tuesday, Feb 25, 2020 - 05:46 PM (IST)
ਨਵੀਂ ਦਿੱਲੀ—ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਅਮਰੀਕੀ ਦੂਤਾਘਰ 'ਚ ਦੇਸ਼ ਦੇ ਉਦਯੋਗਪਤੀਆਂ ਦੇ ਨਾਲ ਬੈਠਕ ਕੀਤੀ। ਇਸ ਬੈਠਕ 'ਚ ਗੌਤਮ ਅਡਵਾਨੀ, ਮੁਕੇਸ਼ ਅੰਬਾਨੀ ਅਤੇ ਕੁਮਾਰ ਮੰਗਲਮ ਬਿੜਲਾ ਉਦਯੋਗਪਤੀ ਸ਼ਾਮਲ ਹੋਏ। ਪ੍ਰੈੱਸ ਕਾਨਫਰੰਸ 'ਚ ਟਰੰਪ ਨੇ ਉਨ੍ਹਾਂ ਨੂੰ ਅਮਰੀਕਾ 'ਚ ਨਿਵੇਸ਼ ਕਰਨ ਲਈ ਕਿਹਾ । ਇਸ ਦੇ ਨਾਲ ਹੀ ਅਮਰੀਕਾ 'ਚ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਮੈਂ ਆਉਣ ਵਾਲੀਆਂ ਚੋਣਾਂ ਜਿੱਤ ਰਿਹਾ ਹਾਂ ਅਤੇ ਜਦੋਂ ਮੈਂ ਚੋਣ ਜਿੱਤਾਂਗਾ ਬਾਜ਼ਾਰ ਚੜ੍ਹ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਚੋਣਾਂ ਨਹੀਂ ਜਿੱਤਿਆ ਤਾਂ ਤੁਸੀਂ ਅਜਿਹੀ ਗਿਰਾਵਟ ਦੇਖੋਗੇ, ਜੋ ਤੁਸੀਂ ਪਹਿਲਾਂ ਕਦੀ ਵੀ ਨਹੀਂ ਦੇਖੀ ਹੋਵੇਗੀ।
ਟਰੰਪ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਅਤੇ ਕਾਰੋਬਾਰ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਸਾਡੀ ਕੋਸ਼ਿਸ਼ ਦੋ-ਪੱਖੀ ਆਰਥਿਕ ਸਬੰਧਾਂ ਨੂੰ ਬਿਹਤਰ ਅਤੇ ਮਜ਼ਬੂਤ ਕਰਨ ਦੀ ਹੈ। ਟਰੰਪ ਨੇ ਕਿਹਾ ਹੈ ਕਿ ਜਿਸ ਤਰ੍ਹਾ ਭਾਰਤ 'ਚ ਮੇਰਾ ਸਵਾਗਤ ਕੀਤਾ ਗਿਆ ਹੈ, ਉਸ ਤੋਂ ਮੈਂ ਕਾਫੀ ਖੁਸ਼ ਅਤੇ ਪ੍ਰਭਾਵਿਤ ਹਾਂ।
ਕੋਰੋਨਾ ਵਾਇਰਸ ਨੂੰ ਲੈ ਕੇ ਟਰੰਪ ਨੇ ਕਿਹਾ ਹੈ ਕਿ ਅਸੀਂ ਇਸ ਨਾਲ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲ ਕੀਤੀ ਹੈ। ਚੀਨ ਸਰਕਾਰ ਇਸ 'ਤੇ ਲਗਾਮ ਲਗਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਅਤੇ ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਇਸ 'ਤੇ ਜਲਦ ਹੀ ਕੰਟਰੋਲ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ 3 ਅਰਬ ਡਾਲਰ ਦੀ ਡਿਫੈਂਸ ਡੀਲ ਵੀ ਹੋਈ ਹੈ। ਇਸ ਡੀਲ ਤਹਿਤ ਅਮਰੀਕਾ-ਭਾਰਤ ਨੂੰ ਐਡਵਾਂਸ ਹੈਲੀਕਾਪਟਰ ਦੇਵੇਗਾ, ਜਿਸ ਦੀ ਵਰਤੋਂ ਇੰਡੀਅਨ ਨੇਵੀ ਅਤੇ ਇੰਡੀਅਨ ਆਰਮੀ ਕਰੇਗੀ।