ਦਿੱਲੀ ਦੇ ਸਫਦਰਜੰਗ ਇਲਾਕੇ ''ਚ ਘਰੇਲੂ ਸਹਾਇਕ ਨੇ ਦਿਵਿਆਂਗ ਮੁੰਡੇ ਦਾ ਕੀਤਾ ਕਤਲ
Thursday, Sep 01, 2022 - 01:34 PM (IST)
ਨਵੀਂ ਦਿੱਲੀ (ਭਾਸ਼ਾ)- ਦੱਖਣੀ ਦਿੱਲੀ ਦੇ ਸਫਦਰਜੰਗ ਇਲਾਕੇ ਵਿਚ ਇਕ ਨਾਬਾਲਗ ਦਿਵਿਆਂਗ ਮੁੰਡੇ ਦਾ ਉਸ ਦੇ ਘਰੇਲੂ ਨੌਕਰ ਵੱਲੋਂ ਕਤਲ ਕਰ ਦਿੱਤਾ ਗਿਆ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਸਫਦਰਜੰਗ ਵਿਕਾਸ ਖੇਤਰ 'ਚ ਹੋਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਦੀ ਜਾਣਕਾਰੀ ਸ਼ਾਮ 5:05 ਵਜੇ ਦੇ ਕਰੀਬ ਮਿਲੀ। ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਮੁੰਡਾ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਪਿਆ ਮਿਲਿਆ। ਪੁੱਛ-ਗਿੱਛ ਦੌਰਾਨ ਨਾਬਾਲਗ ਦੀ ਭੈਣ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਅਤੇ ਦਾਦੀ ਦੁਪਹਿਰ ਕਰੀਬ 2.30 ਵਜੇ ਮੰਦਰ ਗਏ ਸਨ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ ਪੱਛਮੀ) ਮਨੋਜ ਸੀ ਨੇ ਦੱਸਿਆ ਕਿ ਇਕ ਘੰਟੇ ਬਾਅਦ ਦਿਵਿਆਂਗ ਮੁੰਡੇ ਦੀ ਭੈਣ ਉਸ ਨੂੰ ਘਰੇਲੂ ਨੌਕਰ ਨਾਲ ਛੱਡ ਕੇ ਗ੍ਰੀਨ ਪਾਰਕ ਦੇ ਬਾਜ਼ਾਰ ਵਿਚ ਚਲੀ ਗਈ ਸੀ। ਉਨ੍ਹਾਂ ਨੇ ਇਸ ਘਰੇਲੂ ਸਹਾਇਕ ਨੂੰ 3 ਮਹੀਨੇ ਪਹਲਿਾਂ ਨੌਕਰੀ 'ਤੇ ਰੱਖਿਆ ਸੀ।
ਇਹ ਵੀ ਪੜ੍ਹੋ : ਦਿੱਲੀ ਦੇ ਸਫਦਰਜੰਗ ਹਸਪਤਾਲ ਦੀ MBBS ਵਿਦਿਆਰਥਣ ਨੇ ਹੋਸਟਲ ਦੇ ਕਮਰੇ 'ਚ ਕੀਤੀ ਖ਼ੁਦਕੁਸ਼ੀ
ਡੀ.ਸੀ.ਪੀ. ਨੇ ਦੱਸਿਆ ਕਿ ਜਦੋਂ ਸ਼ਾਮ 4.50 ਵਜੇ ਉਸ ਦੀ ਭੈਣ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਭਰਾ ਬੈੱਡ 'ਤੇ ਬੇਹੋਸ਼ ਪਿਆ ਸੀ ਅਤੇ ਉਸ ਦਾ ਘਰੇਲੂ ਨੌਕਰ ਗਾਇਬ ਸੀ। ਉਸ ਦਾ ਭਰਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਦਿਵਿਆਂਗ ਸੀ। ਪੁਲਸ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੁਝ ਗਹਿਣੇ, ਇਕ ਮੋਬਾਈਲ ਫੋਨ ਅਤੇ ਕਰੀਬ 40,000 ਰੁਪਏ ਦੀ ਨਕਦੀ ਗਾਇਬ ਮਿਲੀ। ਇਸ ਸੰਬੰਧੀ ਸਫਦਰਜੰਗ ਐਨਕਲੇਵ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਜਾਂਚ ਲਈ 6 ਟੀਮਾਂ ਦਾ ਗਠਨ ਕੀਤਾ ਗਿਆ ਅਤੇ ਦੋਸ਼ੀ ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ