ਗਲਤੀ ਕਰਨ ਵਾਲੇ ਹਸਪਤਾਲਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਨਹੀਂ ਹਿਚਕੇਗੀ ਸਰਕਾਰ- ਕੇਜਰੀਵਾਲ

12/10/2017 1:30:10 PM

ਨਵੀਂ ਦਿੱਲੀ— ਦਿੱਲੀ ਸਰਕਾਰ ਨਿੱਜੀ ਹਸਪਤਾਲਾਂ ਦੇ ਖਿਲਾਫ ਨਹੀਂ ਹੈ ਪਰ ਅਪਰਾਧਕ ਲਾਪਰਵਾਹੀ ਅਤੇ ਰੋਗੀਆਂ ਤੋਂ ਲੁੱਟ ਦੇ ਮਾਮਲੇ 'ਚ ਉਹ ਸਖਤ ਕਾਰਵਾਈ ਕਰਨ ਤੋਂ ਨਹੀਂ ਹਿਚਕੇਗੀ। ਇਹ ਗੱਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਹੀ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਾਲੀਮਾਰਗ ਬਾਗ 'ਚ ਮੈਕਸ ਹਸਪਤਾਲ ਵਰਗੇ ਵੱਡੇ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਦਾ ਸਾਹਸ ਕਰ ਸਕੀ। ਕਈ ਮਾਮਲਿਆਂ 'ਚ ਕਥਿਤ ਤੌਰ 'ਤੇ ਡਾਕਟਰੀ ਲਾਪਰਵਾਹੀ ਕਰਨ ਲਈ ਦਿੱਲੀ ਸਰਕਾਰ ਵੱਲੋਂ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਤੋਂ ਬਾਅਦ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ। ਹਸਪਤਾਲ ਨੇ 30 ਨਵੰਬਰ ਨੂੰ ਗਲਤ ਤਰੀਕੇ ਨਾਲ ਇਕ ਜ਼ਿੰਦੇ ਬੱਚੇ ਨੂੰ ਮ੍ਰਿਤ ਐਲਾਨ ਕਰ ਦਿੱਤਾ ਸੀ। ਬੱਚੇ ਨੂੰ ਇਕ ਪਲਾਸਟਿਕ ਬੈਗ 'ਚ ਉਸ ਦੇ ਮਾਤਾ-ਪਿਤਾ ਨੂੰ ਸੌਂਪਿਆ ਗਿਆ ਸੀ।
ਇਕ ਹਫਤੇ ਬਾਅਦ ਪੀਤਮਪੁਰਾ ਦੇ ਇਕ ਨਰਸਿੰਗ ਹੋਮ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦਿੱਲੀ ਮੈਡੀਕਲ ਐਸੋਸੀਏਸ਼ਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਨਿੱਜੀ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਦੀ ਆਲੋਚਨਾ ਕੀਤੀ। ਫਿਲਹਾਲ ਕੇਜਰੀਵਾਲ ਨੇ ਦਿੱਲੀ ਦੀ ਸਾਬਕਾ ਸਰਕਾਰ ਦੀ ਇਹ ਕਹਿੰਦੇ ਹੋਏ ਆਲੋਚਨਾ ਕੀਤੀ ਕਿ ਵੱਡੇ ਅਤੇ ਤਾਕਤਵਰ ਲੋਕਾਂ ਨਾਲ ਉਨ੍ਹਾਂ ਦੀ ਮਿਲੀਭਗਤ ਸੀ। ਉਨ੍ਹਾਂ ਨੇ ਕਿਹਾ,''ਜੇਕਰ ਅਸੀਂ ਹਸਪਤਾਲ ਨਾਲ ਮਿਲੀਭਗਤ ਕਰਦੇ ਤਾਂ ਅਸੀਂ ਆਪਣੀ ਅੰਤਰਾਤਮਾ ਦਾ ਸਾਹਮਣਾ ਨਹੀਂ ਕਰ ਪਾਉਂਦੇ ਅਤੇ ਲੋਕਾਂ ਦਾ ਵਿਸ਼ਵਾਸ ਗਵਾ ਦਿੰਦੇ।''
ਅਸੀਂ ਨਿੱਜੀ ਹਸਪਤਾਲ ਦੇ ਖਿਲਾਫ ਨਹੀਂ ਹਾਂ ਪਰ ਅਪਰਾਧਕ ਲਾਪਰਵਾਹੀ ਅਤੇ ਰੋਗੀਆਂ ਤੋਂ ਲੁੱਟ ਦੇ ਮਾਮਲੇ 'ਚ ਅਸੀਂ ਸਖਤ ਕਾਰਵਾਈ ਕਰਨ ਤੋਂ ਨਹੀਂ ਹਿਚਕਾਂਗੇ।'' ਬਿਜਲੀ ਕੰਪਨੀਆਂ ਦੇ ਸੰਚਾਲਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਪਿਛਲੇ ਤਿੰਨ ਸਾਲਾਂ ਤੋਂ ਬਿਜਲੀ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ ਹੈ। ਕੇਜਰੀਵਾਲ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੇ ਜਾਣ ਮੌਕੇ ਬੋਲ ਰਹੇ ਸਨ।


Related News