UP ਮਹਿਲਾ ਕਮਿਸ਼ਨ ਦੀ ਮੈਂਬਰ ਦਾ ਵਿਵਾਦਿਤ ਬਿਆਨ, ਬੋਲੀ- ਕੁੜੀਆਂ ਨੂੰ ਮੋਬਾਇਲ ਦੇਣਾ ਅਪਰਾਧਾਂ ਦਾ ਕਾਰਨ
Friday, Jun 11, 2021 - 10:46 AM (IST)
ਅਲੀਗੜ੍ਹ- ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਇਕ ਮੈਂਬਰ ਨੇ ਕੁੜੀਆਂ ਨੂੰ ਮੋਬਾਇਲ ਫ਼ੋਨ ਨਾ ਦੇਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਕੁੜੀਆਂ ਕੋਲ ਫ਼ੋਨ ਹੋਣ ਨਾਲ ਕਈ ਸਮਾਜਿਕ ਬੁਰਾਈਆਂ ਪੈਦਾ ਹੁੰਦੀਆਂ ਹਨ। ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ 'ਚ ਜਨਾਨੀਆਂ ਵਿਰੁੱਧ ਵੱਧਦੇ ਅਪਰਾਧਾਂ ਨਾਲ ਸੰਬੰਧਤ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ,''ਵੱਧਦੇ ਹੋਏ ਅਪਰਾਧਾਂ ਨੂੰ ਕੋਈ ਵੀ ਸਰਕਾਰ ਆਪਣੇ ਦਮ 'ਤੇ ਨਹੀਂ ਰੋਕ ਸਕਦੀ। ਸਮਾਜ ਅਤੇ ਪਰਿਵਾਰ ਦੇ ਮੈਂਬਰਾਂ, ਖਾਸ ਕਰ ਕੇ ਮਾਵਾਂ ਦੀ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਜਵਾਨ ਹੁੰਦੀਆਂ ਕੁੜੀਆਂ ਨੂੰ ਭਟਕਣ ਨਾ ਦੇਣ।''
ਜ਼ਿਲ੍ਹੇ 'ਚ ਮਹਿਲਾ ਸਸ਼ਕਤੀਕਰਨ ਨਾਲ ਸੰਬੰਧਤ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਕੁਮਾਰੀ ਨੇ ਕਿਹਾ ਕਿ ਮਾਵਾਂ ਨੂੰ ਆਪਣੀਆਂ ਧੀਆਂ 'ਤੇ ਨਜ਼ਰ ਰੱਖਣੀ ਚਾਹੀਦੀ ਅਤੇ ਉਨ੍ਹਾਂ ਨੂੰ ਮੋਬਾਇਲ ਫ਼ੋਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਉਹ ਫ਼ੋਨ ਦੇ ਰਹੀਆਂ ਹਨ ਤਾਂ ਇਸ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਕਿਤੇ ਕੁੜੀਆਂ ਗਲਤ ਇਸਤੇਮਾਲ ਤਾਂ ਨਹੀਂ ਕਰ ਰਹੀਆਂ। ਕੁਮਾਰੀ ਨੇ ਕੁਝ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਕੁੜੀ ਨੇ ਘਰੋਂ ਦੌੜ ਕੇ ਵਿਆਹ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਘਟਨਾ ਮੋਬਾਇਲ ਫ਼ੋਨ ਦੀ ਗਲ਼ਤ ਵਰਤੋਂ ਦਾ ਨਤੀਜਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਬਾਇਲ ਫ਼ੋਨ ਦੀ ਗਲ਼ਤ ਵਰਤੋਂ ਕਾਰਨ ਬਹੁਤ ਸਾਰੀਆਂ ਸਮਾਜਿਕ ਬੁਰੀਆਂ ਪੈਦਾ ਹੋ ਰਹੀਆਂ ਹਨ।