ਖੇਤਾਂ ਨੇ ਉਗਲਿਆ ਹੀਰਾ, ਰਾਤੋ-ਰਾਤ ਲੱਖਪਤੀ ਬਣਿਆ ਕਿਸਾਨ

07/22/2019 6:17:11 PM

ਹੈਦਰਾਬਾਦ, ਕੁਰਨੂਲ- (ਵੈਬ ਡੈਸਕ)- ਤੁਸੀਂ ਪ੍ਰਸਿੱਧ ਹਿੰਦੀ ਗੀਤ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ-ਮੋਤੀ ਤਾਂ ਸੁਣਿਆ ਹੋਵੇਗਾ ਪਰ ਕੁਰਨੂਲ ਦੇ ਇਕ ਕਿਸਾਨ ਦੇ ਖੇਤਾਂ ਨੇ ਸੱਚਮੁਚ ਹੀ ਹੀਰਾ ਉਗਲਿਆ ਹੈ। ਜਿਸ ਕਾਰਨ ਆਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਵਿਚ ਰਹਿਣ ਵਾਲਾ ਕਿਸਾਨ ਰਾਤੋ-ਰਾਤ ਲੱਖਪਤੀ ਬਣ ਗਿਆ ਹੈ। ਦਰਅਸਲ ਕਿਸਾਨ ਆਪਣੀ ਅਗਲੀ ਫਸਲ ਲਈ ਆਪਣੇ ਖੇਤ ਵਿਚ ਬੀਜਾਈ ਕਰ ਰਿਹਾ ਸੀ। ਤਦ ਉਸ ਦੇ ਹੱਥ ਇਕ ਹੀਰਾ ਲੱਗ ਗਿਆ, ਜਿਸ ਦੀ ਬਾਜ਼ਾਰੀ ਕੀਮਤ ਲਗਭਗ 60 ਲੱਖ ਰੁਪਏ ਹੈ। ਗਰੀਬ ਕਿਸਾਨ ਨੇ ਇਸ ਹੀਰੇ ਨੂੰ ਸਥਾਨਕ ਵਪਾਰੀ ਨੂੰ ਵੇਚ ਦਿੱਤਾ, ਜਿਸ ਦੇ ਬਦਲੇ ਉਸ ਨੂੰ 13.5 ਲੱਖ ਰੁਪਏ ਕੈਸ਼ ਅਤੇ 5 ਤੋਲੇ ਸੋਨਾ ਮਿਲਿਆ।

ਜਾਣਕਾਰੀ ਮੁਤਾਬਕ ਕਿਸਾਨ ਕੁਰਨੂਲ ਜ਼ਿਲੇ ਦੇ ਗੋਲਾਵਨੇਪਲੀ ਦਾ ਨਿਵਾਸੀ ਹੈ। ਹੀਰੇ ਦਾ ਸਾਈਜ਼, ਰੰਗ ਅਤੇ ਭਾਰ ਦੇ ਬਾਰੇ ਹੁਣ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਸ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਲਈ ਜਾਵੇਗੀ। ਇਸ ਮਾਨਸੂਨ ਵਿਚ ਕੁਰਨੂਲ ਜ਼ਿਲੇ ’ਚ ਇਹ ਦੂਸਰੀ ਵਾਰ ਹੈ ਜਦ ਕਿਸੇ ਦੇ ਹੱਥ ਹੀਰਾ ਲੱਗਿਆ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 12 ਜੂਨ ਨੂੰ ਇਕ ਭੇਡਾਂ ਚਾਰਨ ਵਾਲੇ ਨੂੰ 8 ਕੈਰੇਟ ਦਾ ਹੀਰਾ ਮਿਲਿਆ ਸੀ। ਉਸ ਨੇ ਹੀਰੇ ਨੂੰ 20 ਲੱਖ ਰੁਪਏ ’ਚ ਵੇਚ ਦਿੱਤਾ ਸੀ ਜਦਕਿ ਇਸ ਹੀਰੇ ਦੀ ਕੀਮਤ 50 ਲੱਖ ਰੁਪਏ ਸੀ। ਦਰਅਸਲ, ਕੁਰਨੂਲ ਜ਼ਿਲੇ ਦੇ ਕਈ ਪਿੰਡਾਂ ’ਚ ਮਾਨਸੂਨ ਸ਼ੁਰੂ ਹੋਣ ਦੇ ਨਾਲ ਹੀਰੇ ਦੀ ਤਲਾਸ਼ ਕਾਫੀ ਤੇਜ਼ ਹੋ ਜਾਂਦੀ ਹੈ। ਇੱਥੇ ਬਾਹਰ ਤੋਂ ਵੀ ਲੋਕ ਹੀਰੇ ਦੀ ਤਲਾਸ਼ ਵਿਚ ਆਉਂਦੇ ਹਨ। ਇਸ ਖੇਤਰ ਨੂੰ ਹੀਰੇ ਦੇ ਵੱਡੇ ਉਤਪਾਦਨ ਖੇਤਰ ਵਜੋਂ ਵੀ ਜਾਣਿਆ ਜਾਂਦਾ ਹੈ। ਮੀਹ ਦੇ ਸਮੇਂ ਮਿੱਟੀ ਦੇ ਉੱਪਰੀ ਹਿੱਸੇ ਦੇ ਹਟ ਜਾਣ ਨਾਲ ਇਹ ਹੀਰੇ ਆਸਾਨੀ ਨਾਲ ਉਪਰ ਆ ਜਾਂਦੇ ਹਨ।


Arun chopra

Content Editor

Related News