ਧਰਮਿੰਦਰ ਪ੍ਰਧਾਨ ਭਾਜਪਾ ਪ੍ਰਧਾਨ ਬਣਨ ਦੀ ਦੌੜ ’ਚ ਸਭ ਤੋਂ ਅੱਗੇ

Wednesday, Jul 02, 2025 - 12:32 AM (IST)

ਧਰਮਿੰਦਰ ਪ੍ਰਧਾਨ ਭਾਜਪਾ ਪ੍ਰਧਾਨ ਬਣਨ ਦੀ ਦੌੜ ’ਚ ਸਭ ਤੋਂ ਅੱਗੇ

ਨੈਸ਼ਨਲ ਡੈਸਕ- ਜੇਕਰ ਸੰਘ ਪਰਿਵਾਰ ਤੋਂ ਆ ਰਹੀਆਂ ਖਬਰਾਂ ’ਤੇ ਯਕੀਨ ਕਰੀਏ ਤਾਂ ਮੌਜੂਦਾ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਦੀ ਥਾਂ ਅਗਲੇ 4 ਤੋਂ 6 ਹਫਤੇ ਵਿਚ ਨਵੇਂ ਪ੍ਰਧਾਨ ਦੀ ਨਿਯੁਕਤੀ ਹੋ ਸਕਦੀ ਹੈ। ਅਜਿਹਾ ਲੱਗ ਰਿਹਾ ਹੈ ਕਿ ਆਰ. ਐੱਸ. ਐੱਸ. ਅਤੇ ਭਾਜਪਾ ਹਾਈਕਮਾਨ ਵਿਚਕਾਰ ਉੱਤਰਾਧਿਕਾਰੀ ਨੂੰ ਲੈ ਕੇ ਸਹਿਮਤੀ ਬਣ ਗਈ ਹੈ।

ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ 21 ਜੁਲਾਈ ਨੂੰ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਕਿਰਿਆ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਥੋੜ੍ਹੀ ਜਿਹੀ ਵੀ ਦੇਰੀ ਹੋਈ ਤਾਂ ਇਸ ਵਿਚ 2 ਹਫ਼ਤੇ ਹੋਰ ਲੱਗ ਸਕਦੇ ਹਨ। ਖਬਰਾਂ ਮੁਤਾਬਕ, 3 ਲੋਕਾਂ ਦੇ ਪੈਨਲ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਜਿਸ ਵਿਚ ਬਿਜਲੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਐੱਮ. ਐੱਲ. ਖੱਟੜ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸ਼ਾਮਲ ਹਨ। ਹਾਲਾਂਕਿ ਚੌਹਾਨ ਤਿੰਨ ਦਾਅਵੇਦਾਰਾਂ ਵਿਚੋਂ ਸਭ ਤੋਂ ਸੀਨੀਅਰ ਹਨ, ਪਰ ਭਾਜਪਾ ਹਾਈਕਮਾਨ ਨੂੰ ਲੱਗਦਾ ਹੈ ਕਿ ਖੱਟੜ ਇਸ ਅਹੁਦੇ ਲਈ ਬਿਹਤਰ ਹੋਣਗੇ।

ਲੰਬੀ ਚਰਚਾ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੁਕਾਬਲਤਨ ਯੁਵਾ ਧਰਮਿੰਦਰ ਪ੍ਰਧਾਨ ਸੰਗਠਨ ਲਈ ਲੋੜੀਂਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਿਹਤਰ ਢੰਗ ਨਾਲ ਤਿਆਰ ਹੋਣਗੇ। ਉਨ੍ਹਾਂ ਦੇ ਪਿਤਾ ਜਨਸੰਘ ਦੇ ਸੰਸਥਾਪਕਾਂ ਵਿਚੋਂ ਇਕ ਸਨ ਅਤੇ ਉਨ੍ਹਾਂ ਨੇ ਓਡਿਸ਼ਾ ਇਕਾਈ ਦੀ ਸਥਾਪਨਾ ਕੀਤੀ ਸੀ। ਜੰਮੂ-ਕਸ਼ਮੀਰ ਦੇ ਐੱਲ. ਜੀ. ਮਨੋਜ ਸਿਨਹਾ ਦਾ ਨਾਂ ਵੀ ਚਰਚਾ ਵਿਚ ਹੈ। ਹਾਲਾਂਕਿ, ਨਾਂ ਦਾ ਖੁਲਾਸਾ ਸੂਬਾਈ ਇਕਾਈਆਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ, ਜਿਸ ਨੂੰ ਹੁਣ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।

16 ਸੂਬਾ ਪ੍ਰਧਾਨਾਂ ਦੀਆਂ ਚੋਣਾਂ ਖਤਮ ਹੋ ਗਈਆਂ ਹਨ ਅਤੇ 9 ਹੋਰ ਅਹੁਦਿਆਂ ਲਈ ਨਿਯੁਕਤੀਆਂ 2 ਹਫ਼ਤਿਆਂ ਵਿਚ ਕੀਤੀਆਂ ਜਾਣਗੀਆਂ। ਭਾਜਪਾ ਸੰਵਿਧਾਨ ਮੁਤਾਬਕ, ਰਾਸ਼ਟਰੀ ਪ੍ਰਧਾਨ ਦੀ ਚੋਣ ਅੱਧੇ ਰਾਜ ਮੁਖੀਆਂ ਦੀ ਚੋਣ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਇਸ ਲਈ ਰਸਤਾ ਸਾਫ਼ ਹੋ ਗਿਆ ਹੈ। ਜੇਕਰ ਪਿਛਲੇ ਰੁਝਾਨਾਂ ਨੂੰ ਦੇਖੀਏ ਤਾਂ ਨੱਡਾ ਦੇ ਉੱਤਰਾਧਿਕਾਰੀ ਦੇ 2029 ਵਿਚ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ ਤੱਕ ਅਹੁਦੇ ’ਤੇ ਬਣੇ ਰਹਿਣ ਦੀ ਉਮੀਦ ਹੈ।


author

Rakesh

Content Editor

Related News