ਗੁਜਰਾਤ ਨਗਰ ਨਿਗਮ ਚੋਣਾਂ : ਪੰਜਾਬ ਦੇ ਜੰਗਲਾਤ ਮੰਤਰੀ ਨੇ ਕੀਤੇ ਭਾਜਪਾ ''ਤੇ ਤਿੱਖੇ ਸ਼ਬਦੀ ਹਮਲੇ
Thursday, Dec 07, 2017 - 08:19 PM (IST)

ਅਹਿਮਦਾਬਾਦ — ਪੰਜਾਬ ਦੇ ਜੰਗਤਾਲ, ਪ੍ਰਿੰਟਿੰਗ ਤੇ ਸਟੇਸ਼ਨਰੀ ਤੇ ਅਨੁਸੂਚਿਤ ਜਾਤੀਆਂ ਤੇ ਪੱਛੜੀ ਸ਼੍ਰੈਣੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗੁਜਰਾਤ ਦੇ ਅਹਿਮਦਾਬਾਦ ਨਿਕੋਲ ਇਲਾਕੇ 'ਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸਾਧੂ ਸਿੰਘ ਧਰਮਸੋਤ ਨਿਕੋਲ ਹਲਕੇ 'ਚ ਕਾਂਗਰਸ ਦੇ ਉਮੀਦਵਾਰ ਇੰਦਰਵਿਜੇ ਸਿੰਘ ਗੋਇਲ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਧਰਮਸੌਤ ਦੀ ਰਾਜਸਥਾਨ ਅਤੇ ਹਰਿਆਣਾ 'ਚ ਟਿਕਟਾਂ ਦੀ ਵੰਡ ਅਤੇ ਚੋਣਾਂ ਦੌਰਾਨ ਬਤੌਰ ਆਬਜ਼ਰਵਰ ਡਿਊਟੀ ਲਾਈ ਗਈ ਸੀ। ਧਰਮਸੋਤ ਵਲੋਂ ਗੁਰੂ ਤੇਜ ਬਹਾਦਰ ਸੋਸਾਇਟੀ 'ਚ ਭਾਰੀ ਜਲਸੇ ਨੂੰ ਸੰਬੋਧਿਤ ਕਰਦਿਆਂ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਇਸ ਦੌਰਾਨ ਗੁਜਰਾਤ ਦੇ ਪੰਜਾਬੀ ਭਾਈਚਾਰੇ ਨੇ ਧਰਮਸੋਤ ਦਾ ਨਿੱਘਾ ਸਵਾਗਤ ਕੀਤਾ ਤੇ ਇਨ੍ਹਾਂ ਚੋਣਾਂ 'ਚ ਕਾਂਗਰਸ ਦਾ ਸਾਥ ਦੇਣ ਦਾ ਭਰੋਸਾ ਵੀ ਦਿਵਾਇਆ। ਜ਼ਿਕਰਯੋਗ ਹੈ ਕਿ ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸੀ ਸੀਨੀਅਰ ਨੇਤਾ ਤੇ ਅਭਿਨੇਤਾ ਰਾਜ ਬੱਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਗੁਜਰਾਤ ਦੇ ਮਰਾਠੀ ਭਾਈਚਾਰੇ ਨੂੰ ਸੰਬੋਧਿਤ ਕੀਤਾ।