ਧਨਖੜ ਨੇ ਰਾਜ ਸਭਾ ਦੇ ਉਪ ਚੇਅਰਮੈਨ ਪੈਨਲ ਦਾ ਕੀਤਾ ਮੁੜ ਗਠਨ, 50 ਫੀਸਦੀ ਔਰਤਾਂ ਨੂੰ ਮਿਲੀ ਥਾਂ

Thursday, Jul 20, 2023 - 03:01 PM (IST)

ਧਨਖੜ ਨੇ ਰਾਜ ਸਭਾ ਦੇ ਉਪ ਚੇਅਰਮੈਨ ਪੈਨਲ ਦਾ ਕੀਤਾ ਮੁੜ ਗਠਨ, 50 ਫੀਸਦੀ ਔਰਤਾਂ ਨੂੰ ਮਿਲੀ ਥਾਂ

ਨਵੀਂ ਦਿੱਲੀ- ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਵੀਰਵਾਰ ਨੂੰ ਉੱਚ ਸਦਨ ਦੇ ਡਿਪਟੀ ਸਪੀਕਰਾਂ ਦੇ ਪੈਨਲ ਦਾ ਮੁੜ ਗਠਨ ਕੀਤਾ। ਇਸ 'ਚ 50 ਫੀਸਦੀ ਮਹਿਲਾ ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ। ਧਨਖੜ ਨੇ ਇਹ ਐਲਾਨ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸਦਨ ਦੀ ਕਾਰਵਾਈ ਦੌਰਾਨ ਕੀਤਾ। 

ਮੀਤ ਪ੍ਰਧਾਨਾਂ ਦੇ ਅੱਠ ਮੈਂਬਰੀ ਪੈਨਲ 'ਚ ਪੀ.ਟੀ.ਊਸ਼ਾ (ਨਾਮਜ਼ਦ), ਐੱਸ. ਫੰਗਨੌਨ ਕੋਨਯਕ (ਭਾਰਤੀ ਜਨਤਾ ਪਾਰਟੀ), ਫੌਜੀਆ ਖਾਨ (ਰਾਸ਼ਟਰਵਾਦੀ ਕਾਂਗਰਸ ਪਾਰਟੀ), ਸੁਲਤਾ ਦੇਵ (ਬੀਜੂ ਜਨਤਾ ਦਲ), ਵੀ. ਵਿਜੇਸਾਈ ਰੈੱਡੀ (ਵਾਈ. ਐਸ. ਆਰ ਕਾਂਗਰਸ), ਘਨਸ਼ਿਆਮ ਤਿਵਾੜੀ (ਭਾਜਪਾ), ਐਲ. ਹਨੂਮੰਥਿਆ (ਕਾਂਗਰਸ) ਅਤੇ ਸੁਖੇਂਦੂ ਸ਼ੇਖਰ ਰਾਏ (ਤ੍ਰਿਣਮੂਲ ਕਾਂਗਰਸ) ਸ਼ਾਮਲ ਹਨ। ਧਨਖੜ ਨੇ ਕਿਹਾ ਕਿ ਮੈਂਬਰਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪੈਨਲ 'ਚ 50 ਫੀਸਦੀ ਔਰਤਾਂ ਹਨ।

ਬਾਅਦ 'ਚ ਉਪ ਰਾਸ਼ਟਰਪਤੀ ਦਫ਼ਤਰ ਦੇ ਹਵਾਲੇ ਨਾਲ ਇਕ ਟਵੀਟ 'ਚ ਧਨਖੜ ਨੇ ਕਿਹਾ ਕਿ ਇਹ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਪੈਨਲ 'ਚ ਸ਼ਾਮਲ ਕੀਤੀਆਂ ਗਈਆਂ ਚਾਰੋਂ ਮਹਿਲਾ ਮੈਂਬਰ ਪਹਿਲੀ ਵਾਰ ਰਾਜ ਸਭਾ ਦੀ ਮੈਂਬਰ ਬਣੀਆਂ ਹਨ। ਇਸ ਤੋਂ ਪਹਿਲਾਂ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਚੇਅਰਮੈਨ ਨੇ ਸਦਨ ਦੇ ਤਿੰਨ ਮੈਂਬਰਾਂ ਕਾਂਗਰਸ ਦੇ ਰਾਜਮਨੀ ਪਟੇਲ ਅਤੇ ਭਾਜਪਾ ਦੇ ਲਕਸ਼ਮੀਕਾਂਤ ਵਾਜਪਾਈ ਅਤੇ ਸੰਗੀਤਾ ਯਾਦਵ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।


author

Tanu

Content Editor

Related News