CM ਧਾਮੀ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਵਿਖੇ ਹੋਏ ਨਤਮਸਤਕ
Sunday, Jun 05, 2022 - 03:37 PM (IST)
ਨੈਨੀਤਾਲ— ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਧਾਮੀ ਨੇ ਸੂਬੇ ਅਤੇ ਦੇਸ਼ ਲਈ ਖੁਸ਼ਹਾਲੀ, ਤਰੱਕੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਇਸ ਦੌਰਾਨ ਗੁਰਦੁਆਰਾ ਨਾਨਕਮੱਤਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ, ਕਿਰਪਾਨ ਅਤੇ ਸਿਰੋਪਾਓ ਭੇਟ ਕੀਤਾ ਗਿਆ।
ਇਸ ਤੋਂ ਬਾਅਦ ਉਹ ਧਾਰਮਿਕ ਡੇਰਾ ਕਾਰ ਸੇਵਾ ਵਿਖੇ ਪੁੱਜੇ ਅਤੇ ਡੇਰੇ ਦੇ ਜਥੇਦਾਰ ਬਾਬਾ ਤਰਸੇਮ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਲੰਗਰ ਛਕਿਆ। ਇੰਨਾ ਹੀ ਨਹੀਂ ਮੁੱਖ ਮੰਤਰੀ ਨੇ ਫੀਤਾ ਕੱਟ ਕੇ ਸਿਤਾਰਗੰਜ ਰੋਡ 'ਤੇ ਸਥਿਤ ਖੁਸ਼ੀ ਡੈਂਟਲ ਕਲੀਨਿਕ ਦਾ ਉਦਘਾਟਨ ਵੀ ਕੀਤਾ ਅਤੇ ਕਲੀਨਿਕ ਦੇ ਸੰਚਾਲਕਾਂ ਡਾ. ਅੰਕੁਰ, ਡਾ. ਅਚਲ ਤੋਂ ਕਲੀਨਿਕ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ।
ਧਾਮੀ ਨੇ ਰਾਹ ਵਿਚ ਛਬੀਲ ਵੀ ਪੀਤੀ। ਇਸ ਦੌਰਾਨ ਸੂਬਾਈ ਕਿਸਾਨ ਕਮਿਸ਼ਨ ਦੇ ਮੀਤ ਪ੍ਰਧਾਨ ਰਾਜਪਾਲ ਸਿੰਘ, ਨੰਦਨ ਸਿੰਘ ਖਡਾਯਤ, ਸੰਤੋਸ਼ ਅਗਰਵਾਲ, ਅਮਿਤ ਪਾਂਡੇ, ਜ਼ਿਲ੍ਹਾ ਮੈਜਿਸਟ੍ਰੇਟ ਯੁਗਲ ਕਿਸ਼ੋਰ ਪੰਤ, ਮੁੱਖ ਵਿਕਾਸ ਅਫ਼ਸਰ ਅਸ਼ੀਸ਼ ਭਟਗਾਈ ਆਦਿ ਹਾਜ਼ਰ ਰਹੇ।