ਮਾਤਾ ਦੇ ਜੈਕਾਰਿਆਂ ਨਾਲ ਗੂੰਜਿਆ ਵੈਸ਼ਨੋ ਦੇਵੀ ਦਰਬਾਰ, ਨਵੇਂ ਸਾਲ ''ਤੇ 30,400 ਸ਼ਰਧਾਲੂਆਂ ਨੇ ਟੇਕਿਆ ਮੱਥਾ
Thursday, Jan 02, 2025 - 11:08 AM (IST)
ਕਟੜਾ (ਅਮਿਤ)- ਨਵੇਂ ਸਾਲ 2025 ਦੀ ਪਹਿਲੀ ਸਵੇਰ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਮੱਥਾ ਟੇਕਨ ਲਈ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰਾਈਨ ਬੋਰਡ ਵੱਲੋਂ ਹਰਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਨਵੇਂ ਸਾਲ ’ਤੇ ਮਾਂ ਭਗਵਤੀ ਦੇ ਦਰਬਾਰ ’ਚ ਆਉਣ ਵਾਲੇ ਸ਼ਰਧਾਲੂ ਚੰਗਾ ਤਜਰਬਾ ਲੈ ਕੇ ਜਾ ਸਕਣ। ਵੈਸ਼ਨੋ ਦੇਵੀ ਭਵਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ 30,400 ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਬੀਤੇ ਸਾਲ 2024 ਦੌਰਾਨ ਲੱਗਭਗ 94.84 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ’ਚ ਮੱਥਾ ਟੇਕਿਆ ਸੀ। ਇਹ ਅੰਕੜਾ ਪਿਛਲੇ 10 ਸਾਲਾਂ ’ਚ ਦੂਜਾ ਸਭ ਤੋਂ ਵੱਡਾ ਅੰਕੜਾ ਹੈ।
ਵਧਦੀ ਠੰਡ ਨੂੰ ਦੇਖਦੇ ਹੋਏ ਸ਼੍ਰਾਈਨ ਬੋਰਡ ਨੇ ਯਾਤਰਾ ਮਾਰਗ ’ਤੇ ਕੀਤੇ ਲੋੜੀਂਦੇ ਇੰਤਜ਼ਾਮ : ਸੀ. ਈ. ਓ. ਸ਼੍ਰਾਈਨ ਬੋਰਡ
ਸੀ. ਈ. ਓ. ਸ਼੍ਰਾਈਨ ਬੋਰਡ ਅੰਸ਼ੁਲ ਗਰਗ ਨੇ ਦੱਸਿਆ ਕਿ ਨਵੇਂ ਸਾਲ ’ਤੇ ਮਾਂ ਭਗਵਤੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਹੈ, ਜਿਸ ਨੂੰ ਕਾਬੂ ਕਰਨ ਲਈ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ। ਯਾਤਰਾ ਮਾਰਗ ਸਮੇਤ ਵੈਸ਼ਨੋ ਦੇਵੀ ਭਵਨ ’ਤੇ ਆਰ. ਐੱਫ. ਆਈ. ਡੀ. ਕਾਰਡ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਹਰ ਜਗ੍ਹਾ ਨਜ਼ਰ ਰੱਖੀ ਜਾ ਰਹੀ ਹੈ। ਵਧਦੀ ਠੰਡ ਨੂੰ ਦੇਖਦੇ ਹੋਏ ਸ਼੍ਰਾਈਨ ਬੋਰਡ ਵੱਲੋਂ ਯਾਤਰਾ ਮਾਰਗ ’ਤੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਠੰਡ ਦੌਰਾਨ ਸ਼ਰਧਾਲੂਆਂ ਲਈ ਪੀਣ ਦੇ ਗਰਮ ਪਾਣੀ ਦੀ ਵਿਵਸਥਾ, ਵਾਧੂ ਕੰਬਲਾਂ ਦੀ ਵਿਵਸਥਾ ਸਮੇਤ ਹੋਰ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।