ਗਿਰਾਵਟ ਦੇ ਬਾਵਜੂਦ ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ
Sunday, Jun 29, 2025 - 01:05 AM (IST)

ਨਵੀਂ ਦਿੱਲੀ- ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਅਤੇ ਦਿੱਲੀ ਸਰਾਫਾ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਰੁਝਾਨ ਹੋਰ ਤੇਜ਼ ਹੋ ਸਕਦਾ ਹੈ। ਇਜ਼ਰਾਈਲ-ਈਰਾਨ ਵਿਚਾਲੇ ਤਣਾਅ ਘੱਟ ਹੋਣ ਅਤੇ ਗਲੋਬਲ ਪੱਧਰ ’ਤੇ ਜੋਖਮ ਘਟਣ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਦੇ ਬਦਲ ਤੋਂ ਦੂਰੀ ਬਣਾਈ ਹੈ, ਜਿਸ ਨਾਲ ਸੋਨੇ ਦੀਆਂ ਕੀਮਤਾਂ ’ਤੇ ਦਬਾਅ ਆਇਆ ਹੈ। ਮਾਹਰਾਂ ਮੁਤਾਬਕ ਸੋਨੇ ਦਾ ਭਾਅ 95,524 ਤੋਂ ਘਟ ਕੇ 94,000 ਰੁਪਏ ਪ੍ਰਤੀ 10 ਗ੍ਰਾਮ ਤੱਕ ਆ ਸਕਦਾ ਹੈ।
ਰਾਜਧਾਨੀ ਪਟਨਾ ’ਚ ਸਰਾਫਾ ਬਾਜ਼ਾਰ ਦੀ ਹਾਲਤ ਇਨ੍ਹੀਂ ਦਿਨੀਂ ਮਾੜੀ ਹੋ ਗਈ ਹੈ। ਸੋਨੇ-ਚਾਂਦੀ ਦੀ ਕੀਮਤ ’ਚ ਗਿਰਾਵਟ ਵੇਖੀ ਜਾ ਰਹੀ ਹੈ ਪਰ ਫਿਰ ਵੀ ਗਾਹਕ ਖਰੀਦਦਾਰੀ ਤੋਂ ਦੂਰੀ ਬਣਾ ਰਹੇ ਹਨ। ਓਧਰ, ਨਿਵੇਸ਼ਕਾਂ ਦੀ ਵੀ ਹਾਲਤ ਕੁਝ ਅਜਿਹੀ ਹੀ ਹੈ। ਕੀਮਤ ਡਿੱਗਣ ਦੀ ਵਜ੍ਹਾ ਨਾਲ ਨਿਵੇਸ਼ਕ ਨਿਵੇਸ਼ ਨਹੀਂ ਕਰ ਰਹੇ ਹਨ ਤਾਂ ਉੱਥੇ ਹੀ ਵਿਆਹਾਂ ਦਾ ਸੀਜ਼ਨ ਨਾ ਰਹਿਣ ਕਾਰਨ ਗਾਹਕ ਖਰੀਦਦਾਰੀ ਲਈ ਨਹੀਂ ਪਹੰਚ ਰਹੇ ਹਨ। ਦੁਕਾਨਾਂ ਤਾਂ ਰੋਜ਼ ਖੁੱਲ ਰਹੀਆਂ ਹਨ ਪਰ ਗਾਹਕ ਨਾਲੋਂ ਜ਼ਿਆਦਾ ਤਾਂ ਸਟਾਫ ਹੀ ਹੈ, ਜੋ ਸਾਰਾ-ਸਾਰਾ ਦਿਨ ਗਾਹਕਾਂ ਦੇ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।
ਕਿਉਂ ਡਿੱਗੀਆਂ ਕੀਮਤਾਂ?
ਅਜਿਹੀ ਹਾਲਤ ਨੂੰ ਲੈ ਕੇ ਮਾਹਰਾਂ ਦੀ ਮੰਨੀਏ ਤਾਂ ਭੂ-ਸਿਆਸੀ ਕਾਰਨਾਂ ਅਤੇ ਸੀਜ਼ਨ ਖਤਮ ਹੋਣ ਦੀ ਵਜ੍ਹਾ ਨਾਲ ਸੋਨੇ-ਚਾਂਦੀ ਦਾ ਬਾਜ਼ਾਰ ਪੂਰੀ ਤਰ੍ਹਾਂ ਬੇਜਾਨ ਹੋ ਗਿਆ ਹੈ। ਈਰਾਨ ਅਤੇ ਇਜ਼ਰਾਈਲ ਦੇ ਤਣਾਅ ਅਤੇ ਅਮਰੀਕਾ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਕੀਮਤਾਂ ’ਚ ਕੁਝ ਖਾਸ ਬਦਲਾਅ ਨਹੀਂ ਹੋ ਰਿਹਾ ਹੈ। ਟ੍ਰੇਡਿੰਗ ਬਾਜ਼ਾਰ ’ਚ ਵੀ ਮੰਦੀ ਦਾ ਦੌਰ ਜਾਰੀ ਹੈ।
ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ
ਅੱਜ ਸਰਾਫਾ ਬਾਜ਼ਾਰ ’ਚ ਸੋਨੇ ਦੇ ਰੇਟ ਦੀ ਗੱਲ ਕਰੀਏ ਤਾਂ 24 ਕੈਰੇਟ ਸੋਨੇ ਦੀ ਕੀਮਤ 230 ਰੁਪਏ ਡਿੱਗ ਕੇ 98,750 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ ਹੈ। ਚਾਂਦੀ ਦੀ ਕੀਮਤ ਦੀ ਗੱਲ ਕਰੀਏ, ਤਾਂ ਇਹ 700 ਰੁਪਏ ਡਿੱਗ ਕੇ 1,07,600 ਰੁਪਏ ਪ੍ਰਤੀ ਕਿੱਲੋ ’ਤੇ ਪਹੁੰਚ ਗਈ ਹੈ।
ਗਲੋਬਲ ਬਾਜ਼ਾਰ ’ਚ ਵੀ ਕਮਜ਼ੋਰੀ
ਅੰਤਰਰਾਸ਼ਟਰੀ ਬਾਜ਼ਾਰ ’ਚ ਕਾਮੈਕਸ ’ਤੇ ਸੋਨੇ ਦੀ ਕੀਮਤ 1.61 ਫ਼ੀਸਦੀ ਡਿੱਗ ਕੇ 3,270 ਡਾਲਰ ਪ੍ਰਤੀ ਔਂਸ ’ਤੇ ਆ ਗਈ। ਇਹ ਲਗਾਤਾਰ ਦੂਜਾ ਹਫ਼ਤਾ ਹੈ ਜਦੋਂ ਸੋਨੇ ਦੀ ਕੀਮਤ ’ਚ ਗਿਰਾਵਟ ਵੇਖੀ ਗਈ ਹੈ। ਰਿਲਾਇੰਸ ਸਕਿਓਰਿਟੀਜ਼ ਦੇ ਜਿਗਰ ਤ੍ਰਿਵੇਦੀ ਅਨੁਸਾਰ ਗਲੋਬਲ ਪੱਧਰ ’ਤੇ ਜੋਖਮ ’ਚ ਕਮੀ ਅਤੇ ਵਪਾਰਕ ਧਾਰਨਾ ਮਜ਼ਬੂਤ ਹੋਣ ਨਾਲ ਨਿਵੇਸ਼ਕਾਂ ਦੀ ਸੁਰੱਖਿਅਤ ਜਾਇਦਾਦਾਂ ’ਚ ਰੁਚੀ ਘਟੀ ਹੈ।