ਸੁਨਾਰੀਆ ਜੇਲ੍ਹ ’ਚੋਂ ਆਈ ਰਾਮ ਰਹੀਮ ਦੀ 11ਵੀਂ ਚਿੱਠੀ, ਡੇਰਾ ਪ੍ਰੇਮੀਆਂ ਨੂੰ ਕੀਤੀ ਇਹ ਅਪੀਲ
Friday, Aug 12, 2022 - 03:11 PM (IST)
ਸਿਰਸਾ– ਡਾਰਾ ਮੁਖੀ ਰਾਮ ਰਹੀਮ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਮਨਾਏ ਜਾ ਰਹੇ 75ਵੇਂ ਅਮ੍ਰਿਤ ਮਹਾਉਤਸਵ ’ਚ ਸ਼ਾਮਲ ਹੋ ਕੇ ਤਿਰੰਗੇ ਨੂੰ ਆਪਣੇ ਘਰਾਂ ਅਤੇ ਗੱਡੀਆਂ ’ਤੇ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਸੈਲਿਊਟ ਕਰਦੇ ਹੋਏ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪਾਉਣ ਦੀ ਅਪੀਲ ਕੀਤੀ ਹੈ। ਸਨਾਰੀਆ ਜੇਲ੍ਹ ਪਰਤਨ ਦੇ 24 ਦਿਨਾਂ ਬਾਅਦ ਡੇਰਾ ਮੁਖੀ ਨੇ ਰੱਖੜੀ ਤੋਂ ਇਕ ਦਿਨ ਪਹਿਲਾਂ ਚਿੱਠੀ ਭੇਜੀ ਜੋ ਵੀਰਵਾਰ ਨੂੰ ਸ਼ਾਹ ਸਤਨਾਮ ਜੀ ਧਾਮ ’ਚ ਆਯੋਜਿਤ ਨਾਮਚਰਚਾ ਦੌਰਾਨ ਪੜਕੇ ਸੁਣਾਈ ਗਈ।
ਡੇਰਾ ਮੁਖੀ ਨੇ ਆਪਣੀ 11ਵੀਂ ਚਿੱਠੀ ’ਚ ਲਿਖਿਆ ਕਿ ਤਿਰੰਗੇ ਦਾ ਸਨਮਾਨ ਕਰਕੇ ਅਸੀਂ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਸਤਕਾਰ ਕਰ ਸਕਾਂਗੇ ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਅਤੇ ਤਿਰੰਗਾ ਨਸੀਬ ਹੋਇਆ ਹੈ। ਉਥੇ ਹੀ ਚਿੱਠੀ ’ਚ ਗਊਆਂ ’ਚ ਲੰਪੀ ਨਾਮਕ ਬੀਮਾਰੀ ਦੇ ਵਧਦੇ ਕਹਿਰ ’ਤੇ ਚਿੰਤਾ ਜਤਾਉਂਦੇ ਹੋਏ ਲਿਖਿਆ ਕਿ ਗਊਆਂ ’ਚ ਇਨ੍ਹੀ ਦਿਨੀਂ ਇਕ ਭਿਆਨਕ ਬੀਮਾਰੀ ਆਈ ਹੋਈ ਹੈ ਜਿਸ ਨਾਲ ਬਹੁਤ ਸਾਰੀਆਂ ਗਊਆਂ ਮਰ ਰਹੀਆਂ ਹਨ। ਸਤਗੁਰੂ ਨੂੰ ਪ੍ਰਾਥਨਾ ਕਰਦੇ ਹਾਂ ਕਿ ਉਹ ਇਸ ਬੀਮਾਰੀ ਤੋਂ ਬਚਾਅ ਦਾ ਜਲਦ ਕੋਈ ਉਪਾਅ ਸੁਝਾਉਣਗੇ। ਚਿੱਠੀ ’ਚ ਡੇਰਾ ਮੁਖੀ ਨੇ 15 ਅਗਸਤ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਵੀ ਦਿੱਤੀ।