ਭਾਰਤ ਦੌਰੇ ’ਤੇ ਡੈਨਮਾਰਕ ਦੀ PM ਮੈਟੇ, ਮੋਦੀ ਨਾਲ ਦੋ-ਪੱਖੀ ਗੱਲਬਾਤ ’ਚ ਕਿਹਾ- ‘ਭਾਰਤ ਇਕ ਮਜ਼ਬੂਤ ਸਾਥੀ’
Saturday, Oct 09, 2021 - 02:05 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਿੱਲੀ ’ਚ ਰਾਸ਼ਟਰਪਤੀ ਭਵਨ ਵਿਖੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਦਾ ਸਵਾਗਤ ਕੀਤਾ। ਮੈਟੇ 9 ਤੋਂ 11 ਅਕਤੂਬਰ ਤੱਕ ਤਿੰਨ ਦਿਨਾਂ ਯਾਤਰਾ ’ਤੇ ਨਵੀਂ ਦਿੱਲੀ ਪਹੁੰਚੀ ਹੈ। ਹੈਦਰਾਬਾਦ ਹਾਊਸ ’ਚ ਦੋਹਾਂ ਨੇਤਾਵਾਂ ਵਿਚਾਲੇ ਦੋ-ਪੱਖੀ ਗੱਲਬਾਤ ਹੋਈ ਹੈ, ਜਿਸ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਸ਼ਾਮਲ ਰਹੇ।
ਭਾਰਤ ਲਈ ਮੈਟੇ ਦਾ ਇਹ ਦੌਰਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਮਾਰਚ ਤੋਂ ਲਾਗੂ ਕੋਰੋਨਾ ਪਾਬੰਦੀਆਂ ਕਾਰਨ ਭਾਰਤ ਦਾ ਦੌਰਾ ਕਰਨ ਵਾਲੀ ਉਹ ਪਹਿਲੀ ਰਾਸ਼ਟਰ ਪ੍ਰਧਾਨ ਹੈ। ਭਾਰਤ ਅਤੇ ਡੈਨਮਾਰਕ ਦੇ ਮਜ਼ਬੂਤ ਕਾਰੋਬਾਰੀ ਅਤੇ ਨਿਵੇਸ਼ ਸਬੰਧ ਹਨ। ਭਾਰਤ ਵਿਚ ਡੈਨਮਾਰਕ ਦੀਆਂ 200 ਤੋਂ ਵੱਧ ਕੰਪਨੀਆਂ ਮੌਜੂਦ ਹਨ, ਜਦਕਿ ਡੈਨਮਾਰਕ ’ਚ 60 ਤੋਂ ਵੱਧ ਭਾਰਤੀ ਕੰਪਨੀਆਂ ਹਨ। ਦੋਹਾਂ ਦੇਸ਼ਾਂ ਵਿਚਾਲੇ ਨਵੀਨੀਕਰਨ ਊਰਜਾ, ਸਵੱਛ ਤਕਨਾਲੋਜੀ, ਜਲ ਅਤੇ ਕਚਰਾ ਪ੍ਰਬੰਧਨ, ਖੇਤੀ ਅਤੇ ਪਸ਼ੂ ਪਾਲਣ, ਵਿਗਿਆਨ ਅਤੇ ਤਕਨਾਲੋਜੀ, ਡਿਜੀਟਲੀਕਰਨ, ਸਮਾਰਟ ਸਿਟੀ, ਸਮੁੰਦਰੀ ਜਹਾਜ਼ਾਂ ਦੇ ਖੇਤਰ ਵਿਚ ਮਜ਼ਬੂਤ ਸਹਿਯੋਗ ਹੈ।
ਹੈਦਰਾਬਾਦ ਹਾਊਸ ’ਚ ਹੋਈ ਦੋਹਾਂ ਦੀ ਦੋ-ਪੱਖੀ ਗੱਲਬਾਤ ਵਿਚ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਨੇ ਕਿਹਾ ਕਿ ਅਸੀਂ ਭਾਰਤ ਨੂੰ ਇਕ ਬਹੁਤ ਕਰੀਬੀ ਸਹਿਯੋਗੀ ਮੰਨਦੇ ਹਾਂ। ਮੈਂ ਇਸ ਯਾਤਰਾ ਨੂੰ ਡੈਨਮਾਰਕ-ਭਾਰਤ ਦੋ-ਪੱਖੀ ਸਬੰਧਾਂ ਲਈ ਇਕ ਮੀਲ ਦੇ ਪੱਥਰ ਦੇ ਰੂਪ ਵਿਚ ਵੇਖਦੀ ਹਾਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਮੈਂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਹਰਿਤ ਰਣਨੀਤੀ ਸਾਂਝੇਦਾਰੀ (ਗਰੀਨ ਸਟ੍ਰੈਟਜਿਨ ਪਾਟਰਨਸ਼ਿਪ) ’ਤੇ ਦਸਤਖ਼ਤ ਕੀਤੇ ਅਤੇ ਸਹਿਮਤੀ ਜ਼ਾਹਰ ਕੀਤੀ। ਓਧਰ ਮੋਦੀ ਨੇ ਕਿਹਾ ਕਿ ਅਸੀਂ ਭਾਰਤ-ਡੈਨਮਾਰਕ ਗ੍ਰੀਨ ਸਟ੍ਰੈਟਜਿਕ ਪਾਟਰਨਸ਼ਿਪ ਤਹਿਤ ਹੋਈ ਤਰੱਕੀ ਦੀ ਸਮੀਖਿਆ ਕੀਤੀ।
ਦੱਸ ਦੇਈਏ ਕਿ ਆਪਣੇ ਭਾਰਤ ਦੌਰੇ ਦੌਰਾਨ ਮੈਟੇ ਨੇ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਫੁੱਲ ਭੇਟ ਕੀਤੇ।
ਇਸ ਤੋਂ ਬਾਅਦ ਰਾਸ਼ਟਰਪਤੀ ਭਵਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਟੇ ਦਾ ਸਵਾਗਤ ਕੀਤਾ, ਜਿੱਥੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ।