ਦਿੱਲੀ ਸਰਕਾਰ ਦੀ ਹਰਿਆਣਾ ਨੂੰ ਅਪੀਲ, ਮਨੁੱਖੀ ਆਧਾਰ ’ਤੇ ਛੱਡੋ ਪਾਣੀ, ਕਾਂਗਰਸ ਦਾ ਮਟਕਾ-ਤੋੜ ਵਿਖਾਵਾ

Sunday, Jun 16, 2024 - 05:50 PM (IST)

ਦਿੱਲੀ ਸਰਕਾਰ ਦੀ ਹਰਿਆਣਾ ਨੂੰ ਅਪੀਲ, ਮਨੁੱਖੀ ਆਧਾਰ ’ਤੇ ਛੱਡੋ ਪਾਣੀ, ਕਾਂਗਰਸ ਦਾ ਮਟਕਾ-ਤੋੜ ਵਿਖਾਵਾ

ਨਵੀਂ ਦਿੱਲੀ, (ਭਾਸ਼ਾ)– ਤਾਪਮਾਨ ਵਧਣ ਦੇ ਨਾਲ ਹੀ ਦਿੱਲੀ ਜਲ ਸੰਕਟ ’ਤੇ ਸਿਆਸੀ ਘਮਸਾਨ ਪ੍ਰਚੰਡ ਹੋ ਗਿਆ ਹੈ। ਇਕ ਪਾਸੇ ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਨੇਤਾ ਤੇ ਮੰਤਰੀ ਆਤਿਸ਼ੀ ਨੇ ਸ਼ਨੀਵਾਰ ਨੂੰ ਕੌਮੀ ਰਾਜਧਾਨੀ ਵਿਚ ਪਾਣੀ ਦੀ ਕਮੀ ਨੂੰ ਵੇਖਦਿਆਂ ਹਰਿਆਣਾ ਨੂੰ ਮਨੁੱਖੀ ਆਧਾਰ ’ਤੇ ਯਮੁਨਾ ’ਚੋਂ ਵਾਧੂ ਪਾਣੀ ਛੱਡਣ ਦੀ ਅਪੀਲ ਕੀਤੀ ਤਾਂ ਦੂਜੇ ਪਾਸੇ ਕਾਂਗਰਸ ਨੇ ਦਿੱਲੀ ਸਰਕਾਰ ਖਿਲਾਫ ਮਟਕਾ-ਤੋੜ ਵਿਖਾਵਾ ਸ਼ੁਰੂ ਕਰ ਦਿੱਤਾ।

ਦਿੱਲੀ ਦੀ ਜਲ ਮੰਤਰੀ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੂਣਕ ਨਹਿਰ ਤੇ ਵਜ਼ੀਰਾਬਾਦ ਵਾਟਰ ਪਿਓਰੀਫਿਕੇਸ਼ਨ ਪਲਾਂਟ ’ਚ ਪਾਣੀ ਦੀ ਕਮੀ ਕਾਰਨ ਕੌਮੀ ਰਾਜਧਾਨੀ ਵਿਚ ਸ਼ੁੱਧ ਪਾਣੀ ਦਾ ਉਤਪਾਦਨ ਕਰਨ ’ਚ 7 ਕਰੋੜ ਗੈਲਨ ਰੋਜ਼ਾਨਾ (ਐੱਮ. ਜੀ. ਡੀ.) ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਮ ਤੌਰ ’ਤੇ (ਸ਼ੁੱਧ) ਪਾਣੀ ਦਾ ਉਤਪਾਦਨ ਲੱਗਭਗ 1002 ਐੱਮ. ਜੀ. ਡੀ. ਹੁੰਦਾ ਹੈ, ਜੋ ਸ਼ੁੱਕਰਵਾਰ ਨੂੰ ਘਟ ਕੇ 932 ਐੱਮ. ਜੀ. ਡੀ. ਰਹਿ ਗਿਆ। ਦਿੱਲੀ ਸਰਕਾਰ ਨੇ ਮਨੁੱਖੀ ਆਧਾਰ ’ਤੇ ਹਰਿਆਣਾ ਨੂੰ ਕੌਮੀ ਰਾਜਧਾਨੀ ਦੇ ਲੋਕਾਂ ਲਈ ਵਾਧੂ ਪਾਣੀ ਛੱਡਣ ਦੀ ਅਪੀਲ ਕੀਤੀ ਹੈ। ਗਰਮੀ ਘੱਟ ਹੋਣ ਤੋਂ ਬਾਅਦ ਯਮੁਨਾ ਦੇ ਪਾਣੀ ਦੀ ਵੰਡ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਯਮੁਨਾ ਨਦੀ ਬੋਰਡ ਦੀ ਬੈਠਕ ਵਿਚ ਦਿੱਲੀ ’ਚ ਜਲ ਸੰਕਟ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਉਨ੍ਹਾਂ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ਆਪਣੇ ਵੱਲੋਂ ਵਰਤੋਂ ’ਚ ਨਾ ਲਿਆਂਦਾ ਗਿਆ ਪਾਣੀ ਦਿੱਲੀ ਨੂੰ ਦੇਣ ਲਈ ਤਿਆਰ ਹੈ। ਮੰਤਰੀ ਨੇ ਕਿਹਾ,‘‘ਮੈਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਮੈਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।’’

ਦੂਜੇ ਪਾਸੇ ਕਾਂਗਰਸ ਦੀ ਦਿੱਲੀ ਇਕਾਈ ਨੇ ਕੌਮੀ ਰਾਜਧਾਨੀ ਵਿਚ ਪੈਦਾ ਹੋਏ ਜਲ ਸੰਕਟ ਸਬੰਧੀ ਸ਼ਨੀਵਾਰ ਨੂੰ ਵੱਖ-ਵੱਖ ਥਾਵਾਂ ’ਤੇ ‘ਮਟਕਾ-ਤੋੜ’ ਵਿਖਾਵਾ ਕੀਤਾ। ਇਹ ਵਿਖਾਵਾ ਰਾਜਧਾਨੀ ਦੇ 280 ਬਲਾਕ ’ਚ ਸਵੇਰੇ 10 ਵਜੇ ਸ਼ੁਰੂ ਹੋਇਆ। ਸਿਰ ’ਤੇ ਮਟਕੇ ਅਤੇ ਹੱਥ ਵਿਚ ਕਾਂਗਰਸ ਦੇ ਝੰਡੇ ਲੈ ਕੇ ਵਿਖਾਵਾਕਾਰੀਆਂ ਨੇ ਦਿੱਲੀ ਸਰਕਾਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਨਾਅਰੇਬਾਜ਼ੀ ਕੀਤੀ। ਬਾਅਦ ’ਚ ਉਨ੍ਹਾਂ ਨੇ ਮਟਕਿਆਂ ਨੂੰ ਜ਼ਮੀਨ ’ਤੇ ਸੁੱਟ ਕੇ ਤੋੜ ਦਿੱਤਾ।

ਕਾਂਗਰਸ ਨੇ ਕੀਤੀ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ

ਕਾਂਗਰਸ ਦੀ ਦਿੱਲੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ ਨੇ ਰਾਜਧਾਨੀ ਵਿਚ ਡੂੰਘੇ ਹੋਏ ਜਲ ਸੰਕਟ ਦੇ ਮੁੱਦੇ ’ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ। ਉਨ੍ਹਾਂ ਸ਼ੁੱਕਰਵਾਰ ਨੂੰ ਦੋਸ਼ ਲਾਇਆ ਸੀ ਕਿ ਦਿੱਲੀ ਸਰਕਾਰ ਨੇ ਸ਼ਹਿਰ ਵਿਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਜ਼ਰੂਰੀ ਕਦਮ ਨਹੀਂ ਚੁੱਕੇ, ਜਿਸ ਕਾਰਨ ਲੋਕਾਂ ਨੂੰ ਪਾਣੀ ਦੇ ਟੈਂਕਰਾਂ ਪਿੱਛੇ ਭੱਜਣਾ ਪੈ ਰਿਹਾ ਹੈ।

‘ਆਪ’ ਦੇ ਵਿਧਾਇਕਾਂ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਲਿਖੀ ਚਿੱਠੀ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੂੰ ਚਿੱਠੀ ਲਿਖ ਕੇ ਕੌਮੀ ਰਾਜਧਾਨੀ ਵਿਚ ਭਿਆਨਕ ਗਰਮੀ ਵਿਚਾਲੇ ਪੈਦਾ ਹੋਏ ਜਲ ਸੰਕਟ ਦੇ ਹੱਲ ਲਈ ਦਖਲ ਦੇਣ ਦੀ ਬੇਨਤੀ ਕੀਤੀ ਹੈ। ਦਿੱਲੀ ਵਿਧਾਨ ਸਭਾ ਵਿਚ ‘ਆਪ’ ਦੇ ਮੁੱਖ ਸਚੇਤਕ ਦਿਲੀਪ ਪਾਂਡੇ ਨੇ ਸਥਿਤੀ ਨੂੰ ਬਹੁਤ ਗੰਭੀਰ ਦੱਸਦੇ ਹੋਏ ਕਿਹਾ ਕਿ ਯਮੁਨਾ ਦੇ ਪਾਣੀ ਦਾ ਮੁੱਦਾ ਇਕ ਅੰਤਰਰਾਜੀ ਮੁੱਦਾ ਹੈ, ਜਿਸ ਦੇ ਲਈ ਜਲ ਸ਼ਕਤੀ ਮੰਤਰਾਲਾ ਦੇ ਤਾਲਮੇਲ ਦੀ ਲੋੜ ਹੈ। ‘ਆਪ’ ਵਿਧਾਇਕਾਂ ਵੱਲੋਂ ਲਿਖੀ ਚਿੱਠੀ ਵਿਚ ਇਸ ਮਾਮਲੇ ’ਤੇ ਚਰਚਾ ਕਰਨ ਲਈ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ ਗਿਆ ਹੈ।

‘ਆਪ’ ਨੇਤਾ ਜਲ ਸੰਕਟ ਦੂਰ ਕਰਨ ਦੀ ਬਜਾਏ ਕਰ ਰਹੇ ਹਨ ਨਾਟਕ : ਭਾਜਪਾ

ਭਾਜਪਾ ਦੀ ਦਿੱਲੀ ਇਕਾਈ ਨੇ ਆਮ ਆਦਮੀ ਪਾਰਟੀ ’ਤੇ ਕੌਮੀ ਰਾਜਧਾਨੀ ਵਿਚ ਪਾਣੀ ਦਾ ਸੰਕਟ ਦੂਰ ਕਰਨ ਲਈ ਪਾਈਪਲਾਈਨਾਂ ਵਿਚ ਰਿਸਾਅ ਤੇ ਚੋਰੀ ਦੇ ਮੁੱਦਿਆਂ ਦਾ ਹੱਲ ਕੱਢਣ ਦੀ ਬਜਾਏ ਨਾਟਕ ਕਰਨ ਦਾ ਦੋਸ਼ ਲਾਇਆ।

ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ,‘‘ਵਾਧੂ ਪਾਣੀ ਲਈ ਯਮੁਨਾ ਨਦੀ ਬੋਰਡ ਨਾਲ ਸੰਪਰਕ ਕਰਨ ਦੇ ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਨੂੰ ਦਿੱਤੇ ਗਏ ਹੁਕਮ ਦੇ ਬਾਵਜੂਦ ‘ਆਪ’ ਹੁਣ ਕੇਂਦਰੀ ਜਲ ਮੰਤਰੀ ਸੀ. ਆਰ. ਪਾਟਿਲ ਨਾਲ ਸੰਪਰਕ ਕਰਨ ਦਾ ਇਕ ਨਵਾਂ ਸਿਆਸੀ ਨਾਟਕ ਰਚ ਰਹੀ ਹੈ।’’


author

Rakesh

Content Editor

Related News