ਦਿੱਲੀ ''ਚ ਹਿੰਸਾ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਜ਼ਖਮ ਕੀਤੇ ਹਰੇ : ਸ਼ਿਵ ਸੈਨਾ

02/26/2020 2:07:13 PM

ਮੁੰਬਈ (ਭਾਸ਼ਾ)— ਸ਼ਿਵ ਸੈਨਾ ਨੇ ਦਿੱਲੀ ਦੀ ਭਿਆਨਕ ਹੁੰਦੀ ਜਾ ਰਹੀ ਸਥਿਤੀ ਨੂੰ ਇਕ ਡਰਾਵਨੀ ਫਿਲਮ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਜ਼ਖਮਾਂ ਨੂੰ ਇਕ ਵਾਰ ਫਿਰ ਤਾਜ਼ਾ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਿਆਰ ਦਾ ਸੰਦੇਸ਼ ਦੇਣ ਰਾਸ਼ਟਰੀ ਰਾਜਧਾਨੀ ਦਿੱਲੀ ਪੁੱਜੇ, ਉਦੋਂ ਸੜਕਾਂ 'ਤੇ ਖੂਨ-ਖਰਾਬਾ ਸੀ ਅਤੇ ਇਸ ਤੋਂ ਪਹਿਲਾਂ ਰਾਜਧਾਨੀ ਦੀ ਕਦੇ ਇੰਨੀ ਬਦਨਾਮ ਨਹੀਂ ਹੋਈ ਸੀ। ਅਹਿਮਦਾਬਾਦ 'ਚ ਨਮਸਤੇ ਅਤੇ ਦਿੱਲੀ 'ਚ ਹਿੰਸਾ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਦੇ ਸੰਪਾਦਕੀ ਨੇ ਅਫਸੋਸ ਜਤਾਇਆ ਕਿ ਅਜਿਹੇ ਸਮੇਂ ਦਿੱਲੀ 'ਚ ਟਰੰਪ ਦਾ ਸਵਾਗਤ ਕੀਤਾ ਗਿਆ, ਜਦੋਂ ਸੜਕਾਂ 'ਤੇ ਖੂਨ-ਖਰਾਬਾ ਮਚਿਆ ਸੀ। ਹਿੰਸਾ ਸਿੱਧੇ ਤੌਰ 'ਤੇ ਇਹ ਸੰਦੇਸ਼ ਦਿੰਦੀ ਹੈ ਕਿ ਕੇਂਦਰ ਸਰਕਾਰ ਦਿੱਲੀ 'ਚ ਕਾਨੂੰਨ ਅਤੇ ਵਿਵਸਥਾ ਬਣਾ ਕੇ ਰੱਖਣ 'ਚ ਨਾਕਾਮ ਰਹੀ। 

ਸ਼ਿਵ ਸੈਨਾ ਨੇ ਕਿਹਾ ਕਿ ਦਿੱਲੀ 'ਚ ਹਿੰਸਾ ਭੜਕੀ। ਲੋਕ ਡੰਡੇ, ਤਲਵਾਰਾਂ ਲੈ ਕੇ ਸੜਕਾਂ 'ਤੇ ਆ ਗਏ, ਸੜਕਾਂ 'ਤੇ ਖੂਨ ਬਿਖਰਿਆ ਸੀ। ਦਿੱਲੀ ਦੀ ਇਹ ਸਥਿਤੀ ਇਕ ਡਰਾਵਨੀ ਫਿਲਮ ਵਾਂਗ ਸੀ, ਜਿਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਜ਼ਖਮਾਂ ਨੂੰ ਹਰਾ ਕਰ ਦਿੱਤਾ। ਉਸ ਨੇ ਕਿਹਾ ਕਿ ਭਾਜਪਾ ਅੱਜ ਵੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈ ਹਿੰਸਾ 'ਚ ਸੈਂਕੜੇ ਸਿੱਖਾਂ ਦੇ ਕਤਲ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਹੈ। ਅੱਜ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਦਿੱਲੀ ਦੇ ਮੌਜੂਦਾ ਦੰਗਿਆਂ ਲਈ ਕੌਣ ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ ਦਿੱਲੀ 'ਚ ਸੀ. ਏ. ਏ. ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲੀਆਂ ਘਟਨਾਵਾਂ 'ਚ ਬੁੱਧਵਾਰ ਤਕ 20 ਲੋਕਾਂ ਦੀ ਜਾਨ ਚਲੀ ਗਈ ਅਤੇ ਕਰੀਬ 200 ਲੋਕ ਜ਼ਖਮੀ ਹੋ ਗਏ।


Tanu

Content Editor

Related News