ਅੰਕਿਤ ਸ਼ਰਮਾ ਕਤਲ ਮਾਮਲੇ ਚਾਰਜਸ਼ੀਟ ਦਾਖਲ, ਤਾਹਿਰ ਹੁਸੈਨ ਦਾ ਨਾਂ ਵੀ ਸ਼ਾਮਲ
Wednesday, Jun 03, 2020 - 03:05 PM (IST)
ਨਵੀਂ ਦਿੱਲੀ- ਦਿੱਲੀ ਹਿੰਸਾ ਦੌਰਾਨ ਇੰਟੈਲੀਜੈਂਸ ਬਿਊਰੋ (ਆਈ.ਬੀ.) ਕਰਮਚਾਰੀ ਅੰਕਿਤ ਸ਼ਰਮਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਦਿੱਲੀ ਪੁਲਸ ਨੇ ਅੱਜ ਯਾਨੀ ਬੁੱਧਵਾਰ ਨੂੰ ਕੜਕੜਡੂਮਾ ਕੋਰਟ 'ਚ ਚਾਰਜਸ਼ੀਟ ਦਾਖਲ ਕੀਤੀ। ਕਰੀਬ 650 ਪੇਜ਼ ਦੀ ਇਸ ਚਾਰਜਸ਼ੀਟ 'ਚ ਦਾਅਵਾ ਕੀਤਾ ਗਿਆ ਹੈ ਕਿ ਅੰਕਿਤ ਸ਼ਰਮਾ ਦੇ ਸਰੀਰ 'ਤੇ ਸੱਟ ਦੇ 51 ਨਿਸ਼ਾਨ ਸਨ ਅਤੇ ਕਤਲ ਦੀ ਸਾਜਿਸ਼ 'ਚ ਕੌਂਸਲਰ ਤਾਹਿਰ ਹੁਸੈਨ ਵੀ ਸ਼ਾਮਲ ਸੀ। ਚਾਰਜਸ਼ੀਟ ਅਨੁਸਾਰ, ਆਈ.ਬੀ. ਕਰਮਚਾਰੀ ਅੰਕਿਤ ਸ਼ਰਮਾ ਦਾ ਕਤਲ 10 ਲੋਕਾਂ ਨੇ ਮਿਲ ਕੇ ਚਾਂਦ ਬਾਗ ਇਲਾਕੇ 'ਚ ਕੀਤਾ ਸੀ। ਕਤਲ ਦੇ ਦੋਸ਼ੀਆਂ 'ਚ ਕੌਂਸਲਰ ਤਾਹਿਰ ਹੁਸੈਨ, ਹਲੀਲ ਸਲਮਾਨ, ਸਮੀਰ ਸ਼ਾਮਲ ਹਨ। ਇਸ ਤੋਂ ਇਲਾਵਾ 2 ਵਾਂਟੇਡ ਬਦਮਾਸ਼ ਨਾਜਿਮ ਅਤੇ ਕਾਸਿਮ ਸਮੇਤ 5 ਹੋਰ ਦੋਸ਼ੀ ਹਨ। ਚਾਰਜਸ਼ੀਟ 'ਚ ਕੁੱਲ 96 ਗਵਾਹ ਹਨ।
ਚਾਰਜਸ਼ੀਟ 'ਚ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਕਿ ਅੰਕਿਤ ਸ਼ਰਮਾ ਦੇ ਸਰੀਰ 'ਤੇ ਸੱਟ ਦੇ ਕੁੱਲ 51 ਨਿਸ਼ਾਨ ਸਨ। ਇਸ ਮਾਮਲੇ 'ਚ ਸਲਮਾਨ ਮੁੱਖ ਦੋਸ਼ੀ ਹੈ, ਜਿਸ ਦੇ ਮੋਬਾਇਲ ਦੀ ਵੁਆਇਸ ਕਾਲ ਨੂੰ ਦਿੱਲੀ ਪੁਲਸ ਸਪੈਸ਼ਲ ਸੈੱਲ ਨੇ ਇੰਟਰਸੈਪਟ ਕੀਤਾ ਸੀ। ਇਸ ਅਹਿਮ ਸਬੂਤ ਦੀ ਫੋਰੈਂਸਿਕ ਜਾਂਚ 'ਚ ਅੰਕਿਤ ਦੇ ਸਾਰੇ ਦੋਸ਼ੀਆਂ ਦਾ ਖੁਲਾਸਾ ਹੋਇਆ ਸੀ। ਚਾਰਜਸ਼ੀਟ ਅਨੁਸਾਰ, ਆਮ ਆਦਮੀ ਪਾਰਟੀ (ਆਪ) ਤੋਂ ਬਰਖਾਸਤ ਕੌਂਸਲਰ ਤਾਹਿਰ ਹੁਸੈਨ 25 ਫਰਵਰੀ ਦੀ ਚਾਂਦ ਬਾਗ ਦੀ ਹਿੰਸਾ 'ਚ ਸ਼ਾਮਲ ਸੀ ਅਤੇ ਉਸੇ ਹਿੰਸਾ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਸੀ, ਜਿਸ ਕਾਰਨ ਅੰਕਿਤ ਸ਼ਰਮਾ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇਸ ਕਾਰਨ ਚਾਰਜਸ਼ੀਟ 'ਚ ਤਾਹਿਰ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਫਿਲਹਾਲ ਅੰਕਿਤ ਕਤਲਕਾਂਡ ਦੇ ਸਾਰੇ ਦੋਸ਼ੀ ਜੇਲ 'ਚ ਹਨ।
ਇਹ ਹੈ ਪੂਰਾ ਮਾਮਲਾ
ਆਈ.ਬੀ. ਕਰਮਚਾਰੀ ਅੰਕਿਤ ਸ਼ਰਮਾ ਦਾ ਕਤਲ 25 ਫਰਵਰੀ ਨੂੰ ਖਜ਼ੂਰੀ ਖਾਸ ਇਲਾਕੇ 'ਚ 'ਆਪ' ਕੌਂਸਲਰ ਤਾਹਿਰ ਹੁਸੈਨ ਦੇ ਘਰ ਦੇ ਬਾਹਰ ਕੀਤਾ ਗਿਆ ਸੀ। ਅੰਕਿਤ ਸ਼ਰਮਾ ਦੇ ਕਤਲ ਤੋਂ ਬਾਅਦ ਭੀੜ ਨੇ ਉਸ ਦੇ ਸਰੀਰ ਨੂੰ ਨਾਲ ਦੇ ਹੀ ਇਕ ਨਾਲੇ 'ਚ ਸੁੱਟ ਦਿੱਤਾ ਸੀ। ਅੰਕਿਤ ਸ਼ਰਮਾ ਦੇ ਸਰੀਰ ਨੂੰ ਅਗਲੇ ਦਿਨ ਨਾਲੇ 'ਚੋਂ ਕੱਢਿਆ ਗਿਆ ਸੀ। ਇਸ ਦੌਰਾਨ ਛੱਤ 'ਤੇ ਖੜ੍ਹੇ ਇਕ ਚਸ਼ਮਦੀਦ ਨੇ ਆਪਣੇ ਮੋਬਾਇਲ ਫੋਨ ਤੋਂ ਇਕ ਵੀਡੀਓ ਰਿਕਾਰਡ ਕੀਤਾ ਸੀ। ਇਸ ਵੀਡੀਓ 'ਚ ਕੁਝ ਲੋਕ ਲਾਸ਼ ਨੂੰ ਨਾਲੇ 'ਚ ਸੁੱਟਦੇ ਹੋਏ ਦਿੱਸ ਰਹੇ ਸਨ। ਇਸ ਮਾਮਲੇ 'ਚ ਤਾਹਿਰ ਹੁਸੈਨ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਅੰਕਿਤ ਸ਼ਰਮਾ ਦੇ ਕਤਲ ਦੇ ਪਿੱਛੇ ਇਕ ਸਾਜਿਸ਼ ਸੀ।