ਉੱਤਰ-ਪੂਰਬੀ ਦਿੱਲੀ ''ਚ ਫਿਰ ਭੜਕੀ ਹਿੰਸਾ, ਮ੍ਰਿਤਕਾਂ ਦੀ ਗਿਣਤੀ ਵਧ ਕੇ 9 ਹੋਈ
Tuesday, Feb 25, 2020 - 06:04 PM (IST)
ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਹੋਈ ਫਿਰਕੂ ਝੜਪ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਹਿੰਸਾ ਭੜਕ ਗਈ ਅਤੇ ਆਗਜਨੀ ਤੋਂ ਬਾਅਦ ਧੂੰਏਂ ਦਾ ਗੁਬਾਰ ਕਈ ਜਗ੍ਹਾ ਤੋਂ ਉੱਠਦਾ ਦੇਖਿਆ ਗਿਆ। ਸੜਕਾਂ 'ਤੇ ਭੀੜ ਬਿਨਾਂ ਕਿਸੇ ਰੋਕ-ਟੋਕ ਦੇ ਨਜ਼ਰ ਆਈ। ਭੀੜ 'ਚ ਸ਼ਾਮਲ ਲੋਕ ਪੱਥਰ ਸੁੱਟ ਰਹੇ ਸਨ, ਦੁਕਾਨਾਂ 'ਚ ਭੰਨ-ਤੋੜ ਕਰ ਰਹੇ ਸਨ ਅਤੇ ਸਥਾਨਕ ਲੋਕਾਂ ਨੂੰ ਧਮਕਾ ਰਹੇ ਸਨ। ਬੀਤੇ 2 ਦਿਨਾਂ 'ਚ ਹਿੰਸਾ 'ਚ 9 ਲੋਕ ਮਾਰੇ ਗਏ ਹਨ। ਸ਼ਹਿਰ ਦੇ ਉੱਤਰ-ਪੂਰਬੀ ਇਲਾਕੇ 'ਚ ਵਧਦੇ ਤਣਾਅ ਦਰਮਿਆਨ ਦੰਗਾਈਆਂ ਨੇ ਗੋਕਲਪੁਰੀ 'ਚ 2 ਫਾਇਰ ਬ੍ਰਿਗੇਡ ਗੱਡੀਆਂ 'ਚ ਭੰਨ-ਤੋੜ ਕੀਤੀ ਅਤੇ ਮੌਜਪੁਰ 'ਚ ਭੜਕਾਊ ਨਾਅਰੇਬਾਜ਼ੀ ਦੌਰਾਨ ਇਕ ਬਾਈਕ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਸੜਕਾਂ 'ਤੇ ਜਗ੍ਹਾ-ਜਗ੍ਹਾ ਪਏ ਇੱਟ-ਪੱਥਰ ਅਤੇ ਸੜੇ ਹੋਏ ਟਾਇਰ ਇੱਥੇ ਹੋਈ ਹਿੰਸਾ ਦੀ ਗਵਾਹੀ ਦੇ ਰਹੇ ਸਨ, ਜਿਸ ਨੇ ਸੋਮਵਾਰ ਨੂੰ ਫਿਰਕੂ ਰੰਗ ਲੈ ਲਿਆ ਅਤੇ ਇਸ ਦੌਰਾਨ 48 ਪੁਲਸ ਕਰਮਚਾਰੀਆਂ ਸਮੇਤ ਕਰੀਬ 150 ਲੋਕ ਜ਼ਖਮੀ ਹੋ ਗਏ। ਦਿੱਲੀ 'ਚ ਜਾਰੀ ਹਿੰਸਾ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਤ 'ਤੇ ਚਰਚਾ ਕਰਨ ਲਈ ਉੱਪ ਰਾਜਪਾਲ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਪੁਲਸ ਕਮਿਸ਼ਨਰ ਅਮੁੱਲਯ ਪਨਾਇਕ ਦੀ ਇਕ ਬੈਠਕ ਬੁਲਾਈ। ਇਸ 'ਚ ਸ਼ਹਿਰ 'ਚ ਸ਼ਾਂਤੀ ਬਹਾਲੀ ਲਈ ਸਿਆਸੀ ਦਲਾਂ ਦੇ ਵਰਕਰਾਂ ਦੇ ਹੱਥ ਮਿਲਾਉਣ ਅਤੇ ਸਾਰੇ ਇਲਾਕਿਆਂ 'ਚ ਸ਼ਾਂਤੀ ਕਮੇਟੀਆਂ ਨੂੰ ਫਿਰ ਤੋਂ ਸਰਗਰਮ ਕਰਨ ਦਾ ਵੀ ਸੰਕਲਪ ਲਿਆ ਗਿਆ।
ਕਈ ਪੱਤਰਕਾਰਾਂ ਨਾਲ ਵੀ ਧੱਕਾ-ਮੁੱਕੀ ਕੀਤੀ ਗਈ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ। ਇਲਾਕੇ 'ਚ ਤਣਾਅ ਕਾਇਮ ਹੋਣ ਕਾਰਨ ਸਕੂਲ ਬੰਦ ਹਨ ਅਤੇ ਡਰ ਕਾਰਨ ਲੋਕ ਵੀ ਘਰਾਂ ਤੋਂ ਬਾਹਰ ਨਹੀਂ ਨਿਕਲੇ। ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ 'ਚ ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਅਧੀਨ ਕਰਫਿਊ ਲਗਾ ਦਿੱਤਾ ਗਿਆ ਹੈ, ਜਿਸ ਦੇ ਅਧੀਨ ਚਾਰ ਜਾਂ ਉਸ ਤੋਂ ਵਧ ਲੋਕਾਂ ਦੇ ਇਕ ਜਗ੍ਹਾ ਇਕੱਠੇ ਹੋਣ 'ਤੇ ਰੋਕ ਹੈ। ਇਕ ਸਥਾਨਕ ਵਾਸੀ ਨੇ ਕਿਹਾ,''ਇਲਾਕੇ 'ਚ ਪੁਲਸ ਦੀ ਮੌਜੂਦਗੀ ਬਹੁਤ ਮੁਸ਼ਕਲ ਨਜ਼ਰ ਆ ਰਹੀ ਹੈ। ਦੰਗਾਈ ਘੁੰਮ ਰਹੇ ਹਨ, ਲੋਕਾਂ ਨੂੰ ਧਮਕਾ ਰਹੇ ਹਨ ਅਤੇ ਦੁਕਾਨਾਂ 'ਚ ਭੰਨ-ਤੋੜ ਕਰ ਰਹੇ ਹਨ। ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਖਰਾਬ ਹੈ। ਅਸੀਂ ਆਪਣੇ ਹੀ ਘਰਾਂ 'ਚ ਅਸੁਰੱਖਿਅਤ ਹਾਂ।''