ਦਿੱਲੀ ਦੀ ਆਬੋ-ਹਵਾ ਹੋਵੇਗੀ ਹੋਰ ਵੀ ਖਰਾਬ

10/22/2019 2:17:06 PM

ਨਵੀਂ ਦਿੱਲੀ— ਪਰਾਲੀ ਦਾ ਧੂੰਆਂ ਤੇਜ਼ੀ ਨਾਲ ਦਿੱਲੀ ਪਹੁੰਚ ਰਿਹਾ ਹੈ। ਹਵਾ ਦੀ ਦਿਸ਼ਾ ਉੱਤਰ ਪੱਛਮੀ ਹੋ ਕਾਰਨ ਇਸ ਦੀ ਮਾਤਰਾ ਵੀ ਲਗਾਤਾਰ ਵਧ ਰਹੀ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਪ੍ਰਦੂਸ਼ਣ ਦਾ ਪੱਧਰ ਜਿੱਥੇ ਖਰਾਬ ਸ਼੍ਰੇਣੀ 'ਚ ਸੀ, ਉੱਥੇ ਹੀ ਮੰਗਲਵਾਰ ਨੂੰ ਇਹ ਬਹੁਤ ਖਰਾਬ ਸ਼੍ਰੇਣੀ 'ਚ ਪਹੁੰਚ ਸਕਦਾ ਹੈ। ਹਾਲਾਂਕਿ ਮੰਗਲਵਾਰ ਨੂੰ ਦਿੱਲੀ ਦੇ ਲੋਧੀ ਰੋਡ ਕੋਲ ਏਅਰ ਕਵਾਲਿਟੀ ਇੰਡੈਕਸ ਦੇ ਅਧੀਨ ਪੀਐੱਮ 2.5 ਦਾ ਪੱਧਰ 209 ਰਿਹਾ, ਜਿਸ ਨੂੰ ਖਰਾਬ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਦੂਜੇ ਪਾਸੇ ਮੇਜਰ ਧਿਆਨਚੰਦ ਸਟੇਡੀਅਮ ਅਤੇ ਇੰਡੀਆ ਗੇਟ ਕੋਲ ਮੰਗਲਵਾਰ ਸਵੇਰੇ ਏਅਰ ਕਵਾਲਿਟੀ ਇੰਡੈਕਸ ਦੇ ਅਧੀਨ ਪੀਐੱਮ 2.5 178 ਤਾਂ ਪੀਐੱਮ 10 ਦਾ ਪੱਧਰ 121 ਰਿਹਾ। ਜੋ ਸਿਹਤ ਦੇ ਲਿਹਾਜ ਨਾਲ ਚੰਗਾ ਨਹੀਂ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਵਲੋਂ ਜਾਰੀ ਏਅਰ ਬੁਲੇਟਿਨ ਅਨੁਸਾਰ ਸੋਮਵਾਰ ਨੂੰ ਦਿੱਲੀ ਦਾ ਏਅਰ ਇੰਡੈਕਸ 249 ਰਿਹਾ। ਗਾਜ਼ੀਆਬਾਦ ਦਾ 284, ਗ੍ਰੇਟਰ ਨੋਇਡਾ ਦਾ 243, ਗੁਰੂਗ੍ਰਾਮ ਦਾ 201 ਅਤੇ ਨੋਇਡਾ ਦਾ 260 ਦਰਜ ਕੀਤਾ ਗਿਆ। ਇਸ ਸ਼੍ਰੇਣੀ ਦੀ ਹਵਾ ਨੂੰ ਖਰਾਬ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਸਫ਼ਰ ਅਨੁਸਾਰ ਸੋਮਵਾਰ ਨੂੰ ਪਰਾਲੀ ਦਾ ਪ੍ਰਦੂਸ਼ਣ ਦਿੱਲੀ 'ਚ 12 ਫੀਸਦੀ ਰਿਹਾ, ਜਦੋਂ ਕਿ ਮੰਗਲਵਾਰ ਨੂੰ ਇਹ ਵਧ ਕੇ 14 ਫੀਸਦੀ ਹੋ ਜਾਵੇਗਾ। ਸਫ਼ਰ ਅਨੁਸਾਰ ਹੁਣ ਹਵਾ ਉੱਤਰ ਪੱਛਮੀ ਦਿਸ਼ਾ ਤੋਂ ਆ ਰਹੀ ਹੈ, ਇਸ ਨਾਲ ਪਰਾਲੀ ਦਾ ਧੂੰਆਂ ਵੀ ਦਿੱਲੀ-ਐੱਨ.ਸੀ.ਆਰ. ਨੂੰ ਵਧ ਪ੍ਰਦੂਸ਼ਿਤ ਕਰ ਰਿਹਾ ਹੈ। ਮੰਗਲਵਾਰ ਤੋਂ ਹਵਾ ਹੋਰ ਵਧ ਖਰਾਬ ਹੋ ਸਕਦੀ ਹੈ। ਕੇਂਦਰ ਵਲੋਂ ਸੰਚਾਲਤ ਸੰਸਥਾ ਸਫ਼ਰ ਇੰਡੀਆ ਅਨੁਸਾਰ ਹਰਿਆਣਾ, ਪੰਜਾਬ ਅਤੇ ਸਰਹੱਦੀ ਹਿੱਸਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਤੇਜ਼ੀ ਆਈ ਹੈ। ਇਸ ਦੇ ਧੂੰਏ ਦਾ ਵਿਆਪਕ ਪ੍ਰਭਾਵ ਦਿੱਲੀ ਦੀ ਹਵਾ 'ਚ ਦਿੱਸਣ ਲੱਗਾ ਹੈ। ਨਵੰਬਰ ਦੇ ਪਹਿਲੇ ਹਫ਼ਤੇ 'ਚ ਦਿੱਲੀ ਦਾ ਦਮ ਘੁੱਟ ਸਕਦਾ ਹੈ।

ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੋਂ ਦਿੱਲੀ 'ਚ ਤੇਜ਼ ਹਵਾ ਚੱਲੇਗੀ। ਇਸ ਕਾਰਨ ਕੁਝ ਸਮੇਂ ਲਈ ਲੋਕਾਂ ਨੂੰ ਪ੍ਰਦੂਸ਼ਣ ਤੋਂ ਮਾਮੂਲੀ ਰਾਹਤ ਮਿਲ ਸਕਦੀ ਹੈ। ਮਹੀਨੇ ਦੇ ਅੰਤ ਤੱਕ ਦਿੱਲੀ ਦਾ ਵਧ ਤੋਂ ਵਧ ਤਾਪਮਾਨ 30 ਡਿਗਰੀ ਅਤੇ ਘੱਟੋ-ਘੱਟ 17 ਡਿਗਰੀ ਸੈਲਸੀਅਸ ਪਹੁੰਚ ਸਕਦਾ ਹੈ। ਇਸ ਦੌਰਾਨ ਹਵਾ ਦੀ ਗਤੀ ਕਾਫ਼ੀ ਘੱਟ ਹੋ ਜਾਵੇਗੀ, ਲਿਹਾਜਾ ਨਵੰਬਰ 'ਚ ਆਸਾਰ ਚੰਗੇ ਨਹੀਂ ਹਨ। ਦੂਜੇ ਪਾਸੇ ਸੋਮਵਾਰ ਨੂੰ ਸਵੇਰੇ ਹੀ ਧੁੱਪ ਨਿਕਲ ਆਈ ਸੀ ਪਰ ਤਾਪਮਾਨ 'ਚ ਕਮੀ ਅਤੇ ਹਲਕੀ ਧੁੰਦ ਕਾਰਨ ਇਸ ਦੀ ਚਮਕ ਘੱਟ ਰਹੀ। ਵਧ ਤੋਂ ਵਧ ਤਾਪਮਾਨ 31.8, ਜਦੋਂਕਿ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੋਵੇਂ ਹੀ ਆਮ ਤੋਂ ਇਕ ਡਿਗਰੀ ਘੱਟ ਹਨ।


DIsha

Content Editor

Related News