ਸ੍ਰੀ ਨਨਕਾਣਾ ਸਾਹਿਬ ''ਤੇ ਪਥਰਾਅ ਦੇ ਵਿਰੋਧ ''ਚ ਦਿੱਲੀ ਦੀਆਂ ਸੜਕਾਂ ''ਤੇ ਉਤਰੇ ਸਿੱਖ
Saturday, Jan 04, 2020 - 06:45 PM (IST)

ਨਵੀਂ ਦਿੱਲੀ— ਪਾਕਿਸਤਾਨ 'ਚ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ 'ਚ ਪੱਥਰਬਾਜ਼ੀ ਅਤੇ ਸਿੱਖ 'ਤੇ ਭੀੜ ਵਲੋਂ ਹਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਹ ਹੈ। ਸ਼ਨੀਵਾਰ ਭਾਵ ਅੱਜ ਵੱਡੀ ਗਿਣਤੀ 'ਚ ਸਿੱਖ ਦਿੱਲੀ ਦੀਆਂ ਸੜਕਾਂ 'ਤੇ ਉਤਰੇ ਅਤੇ ਉਨ੍ਹਾਂ ਨੇ ਵਿਰੋਧ 'ਚ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਕਿਉਂ? ਹੁਣ ਨਾਗਰਿਤਾ ਸੋਧ ਐਕਟ ਦੇ ਵਿਰੋਧੀ ਚੁੱਪ ਕਿਉਂ ਹਨ? ਸਿੱਖਾਂ ਨੇ ਪਾਕਿਸਤਾਨ ਦੂਤਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਦਿੱਲੀ ਵਿਖੇ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਰਹੇ, ਜਿਨ੍ਹਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਵਿਰੋਧ ਜ਼ਾਹਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਜੋ ਕੀਤਾ, ਬਹੁਤ ਨਿੰਦਣਯੋਗ ਹੈ। ਪਾਕਿਸਤਾਨ 'ਚ ਸਿੱਖਾਂ 'ਤੇ ਜੋ ਹਮਲਾ ਹੋਇਆ, ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨੂੰ ਬਦਲਣ ਦੀ ਧਮਕੀ ਦਿੱਤੀ ਗਈ ਅਤੇ ਇੱਥੋਂ ਤਕ ਕਿ ਪਾਕਿਸਤਾਨ ਵਿਚ ਸਿੱਖਆ ਨੂੰ ਕੱਢਣ ਦੀ ਧਮਕੀ ਦਿੱਤੀ ਗਈ, ਅਸੀਂ ਉਸ ਦੀ ਸਖਤ ਨਿੰਦਾ ਕਰਦੇ ਹਾਂ। ਸਿਰਸਾ ਨੇ ਅੱਗੇ ਕਿਹਾ ਕਿ ਸਿੱਖ ਭਾਈਚਾਰਾ ਕਿਸੇ ਤੋਂ ਡਰਨ ਵਾਲਾ ਨਹੀਂ ਹੈ। ਅਸੀਂ ਇੱਥੇ ਇਹ ਦੱਸਣ ਲਈ ਪੁੱਜੇ ਹਾਂ ਕਿ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਆਪਣੇ ਵੱਲ ਆਉਣ ਵਾਲੇ ਸੱਪਾਂ ਦਾ ਸਿਰ ਕੁਚਲਣਾ ਆਉਂਦਾ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ 'ਚ ਸਿੱਖ ਕੁੜੀ ਨਾਲ ਵਿਆਹ ਕਰਨ ਵਾਲੇ ਇਕ ਮੁਸਲਮਾਨ ਵਿਅਕਤੀ ਦੇ ਪਰਿਵਾਰ ਦੀ ਅਗਵਾਈ 'ਚ ਕੁਝ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਕੱਲ ਸ਼ਾਮ ਭਾਵ ਸ਼ੁੱਕਰਵਾਰ ਨੂੰ ਇੱਥੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ। ਭੀੜ ਨੇ ਸਿੱਖ ਸ਼ਰਧਾਲੂਆਂ 'ਤੇ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸਿੱਖਾਂ ਨੂੰ ਇੱਥੇ ਨਹੀਂ ਰਹਿਣ ਦੇਣਗੇ ਅਤੇ ਸ੍ਰੀ ਨਨਕਾਣਾ ਸਾਹਿਬ ਦਾ ਨਾਂ ਵੀ ਬਦਲ ਦੇਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਘਟਨਾ ਦੀ ਨਿੰਦਾ ਕੀਤੀ ਹੈ। ਹਾਲਾਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਹੈ।