'ਨਾਨਕ ਸ਼ਾਹ ਫਕੀਰ' ਦੇ ਵਿਰੋਧ 'ਚ ਕੱਲ੍ਹ ਨੂੰ ਦਿੱਲੀ ਕਮੇਟੀ ਦੇ ਵਿਦਿਅਕ ਅਦਾਰੇ ਰਹਿਣਗੇ ਬੰਦ

Friday, Apr 13, 2018 - 01:38 PM (IST)

'ਨਾਨਕ ਸ਼ਾਹ ਫਕੀਰ' ਦੇ ਵਿਰੋਧ 'ਚ ਕੱਲ੍ਹ ਨੂੰ ਦਿੱਲੀ ਕਮੇਟੀ ਦੇ ਵਿਦਿਅਕ ਅਦਾਰੇ ਰਹਿਣਗੇ ਬੰਦ

ਨਵੀਂ ਦਿੱਲੀ/ਜਲੰਧਰ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਸ਼ੁੱਕਰਵਾਰ 13 ਅਪ੍ਰੈਲ  ਨੂੰ 'ਨਾਨਕ ਸ਼ਾਹ ਫਕੀਰ' ਫਿਲਮ ਜਾਰੀ ਹੋਣ ਦੇ ਵਿਰੋਧ 'ਚ ਬੰਦ ਰਹਿਣਗੇ। ਇਸਦੇ ਨਾਲ ਹੀ ਸਮੂਹ ਕਮੇਟੀ ਮੈਂਬਰ ਆਪਣਿਆਂ ਹਲਕਿਆਂ 'ਚ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਸਥਾਨਕ ਸੰਗਤ ਦੇ ਨਾਲ ਸਿਨੇਮਾ ਹਾਲਾਂ ਦੇ ਬਾਹਰ ਮੋਰਚੇ ਲਗਾਉਣਗੇ । ਇਸ ਗੱਲ ਦਾ ਫੈਸਲਾ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਉਪਰੰਤ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੰਥ 'ਚੋਂ ਛੇਕਣ ਬਾਅਦ ਕਮੇਟੀ ਅਹੁਦੇਦਾਰਾਂ ਦੀ ਮੀਟਿੰਗ 'ਚ ਲਿਆ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ 'ਚ ਹੋਈ ਮੀਟਿੰਗ 'ਚ ਸਮੂਹ ਅਹੁਦੇਦਾਰਾਂ ਨੇ ਸਿੰਘ ਸਾਹਿਬਾਨਾਂ ਵੱਲੋਂ ਲਏ ਗਏ ਫੈਸਲੇ ਦੀ ਸ਼ਲਾਘਾ ਕੀਤੀ। ਜੀ. ਕੇ. ਨੇ ਸਿੰਘ ਸਾਹਿਬਾਨਾਂ ਦੇ ਫੈਸਲੇ ਨੂੰ ਕੌਮ ਦੀ ਆਵਾਜ਼ ਦੀ ਤਰਜਮਾਨੀ ਹੋਣ ਵੱਜੋਂ ਪਰਿਭਾਸ਼ਿਤ ਕੀਤਾ । ਜੀ. ਕੇ. ਨੇ ਕਿਹਾ ਕਿ ਸਿੱਖ ਸਿਧਾਤਾਂ ਦੀ ਰੱਖਿਆ ਕਰਨਾ ਦਿੱਲੀ ਕਮੇਟੀ ਦੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਲਈ ਕਿਸੇ ਵੀ ਮਨੁੱਖੀ ਸ਼ਰੀਰ ਨੂੰ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਿਵਾਰਿਕ  ਮੈਂਬਰਾਂ ਦਾ ਰੋਲ ਫਿਲਮ 'ਚ ਨਿਭਾਉਣ ਦੀ ਮਨਜ਼ੂਰੀ  ਨਹੀਂ ਦਿੱਤੀ ਜਾ ਸਕਦੀ। 
ਵਿਰੋਧ ਵੱਜੋਂ ਕਮੇਟੀ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦਾ ਐਲਾਨ ਕਰਦੇ ਹੋਏ ਜੀ. ਕੇ. ਨੇ ਦਿੱਲੀ ਹਾਈਕੋਰਟ ਵੱਲੋਂ ਅੱਜ ਦਿੱਲੀ ਕਮੇਟੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਭਾਰਤ ਸਰਕਾਰ, ਸੈਂਸਰ ਬੋਰਡ ਅਤੇ ਸਿੱਕਾ ਨੂੰ ਨੋਟਿਸ ਜਾਰੀ ਹੋਣ ਦੀ ਜਾਣਕਾਰੀ ਦਿੱਤੀ। ਜੀ. ਕੇ. ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਮੁੜ੍ਹ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਦੋਨੋਂ ਅਦਾਲਤਾਂ ਸਿੱਖਾਂ ਦੇ ਹੱਕ 'ਚ ਫੈਸਲਾ ਦੇਣਗੀਆਂ ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ 'ਤੇ ਰੋਕ ਲਗਾਉਣ ਲਈ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਭੇਜਣ ਦਾ ਹਵਾਲਾ ਦਿੱਤਾ। ਸਿਰਸਾ ਨੇ ਦੱਸਿਆ ਕਿ ਆਪਣੇ ਪੱਤਰ 'ਚ ਉਨ੍ਹਾਂ ਨੇ ਕੇਜਰੀਵਾਲ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਬੇਨਤੀ ਕਰਨ ਦੇ ਨਾਲ ਹੀ ਇਸ ਮਾਮਲੇ 'ਤੇ ਦਿੱਲੀ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਦੀ ਗੱਲ ਕਹੀ ਹੈ। ਸਿੱਕਾ ਨੂੰ ਪੰਥ 'ਚੋਂ ਛੇਕਣ ਦਾ ਸਵਾਗਤ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਹੁਣ ਕੌਮ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਸਿੱਖ ਇਸ ਫਿਲਮ ਨੂੰ ਦੇਖਣ ਜਾਵੇਗਾ, ਉਸ ਨੂੰ ਵੀ ਪੰਥ 'ਚੋਂ ਛੇਕੀਆ ਜਾ ਸਕਦਾ ਹੈ।
 


Related News