ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਸਾਹਿਬ-ਏ-ਕਮਾਲ’ ਦਾ ਪ੍ਰਕਾਸ਼ ਪੁਰਬ ਮਨਾਇਆ

Thursday, Jan 21, 2021 - 10:49 AM (IST)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਸਾਹਿਬ-ਏ-ਕਮਾਲ’ ਦਾ ਪ੍ਰਕਾਸ਼ ਪੁਰਬ ਮਨਾਇਆ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ-ਏ-ਕਮਾਲ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀਸ਼ਾਹ ਵਣਜਾਰਾ ਹਾਲ ’ਚ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਦੀ ਸਾਜਣਾ ਕਰ ਕੇ ਦੁਨੀਆਂ ਨੂੰ ਨਿਮਰਤਾ, ਹਲੀਮੀ ਤੇ ਬਹਾਦਰੀ ਨਾਲ ਭਰਪੂਰ ਅਜਿਹੀ ਕੌਮ ਬਖਸ਼ੀ ਹੈ, ਜਿਸ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਅੱਜ ਸਾਰੀ ਦੁਨੀਆਂ ’ਚ ਵਡਿਆਈ ਹੋ ਰਹੀ ਹੈ।
ਸਿਰਸਾ ਨੇ ਕਿਹਾ ਕਿ ਅੱਜ ਸਾਰੀ ਦੁਨੀਆਂ ’ਚ ਸਿੱਖਾਂ ਨੂੰ ਬਹੁਤ ਸਤਿਕਾਰ ਨਾਲ ਵੇਖਿਆ ਜਾਂਦਾ ਹੈ ਅਤੇ ਅੱਜ ਖਾਲਸਾ ਸਤਿਕਾਰ ਤੇ ਚੜ੍ਹਦੀਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਦੁਨੀਆਂ ’ਚ ਅਜਿਹੀ ਕੋਈ ਮਿਸਾਲ ਨਹੀਂ ਹੈ ਅਤੇ ਨਾ ਹੀ ਮਿਲੇਗੀ, ਜਦੋਂ 9 ਸਾਲਾ ਦਾ ਪੁੱਤਰ ਆਪਣੇ ਪਿਤਾ ਨੂੰ ਆਖੇ ਕਿ ਉਹ ਮਨੁੱਖਤਾ ਵਾਸਤੇ ਆਪਣੀ ਸ਼ਹਾਦਤ ਦੇਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਚਾਰ ਸਾਹਿਬਜ਼ਾਦਿਆਂ ਸਮੇਤ ਸਾਰਾ ਪਰਿਵਾਰ ਮਨੁੱਖਤਾ ਲਈ ਵਾਰ ਦਿੱਤਾ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਸਿਰਸਾ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਬਦੌਲਤ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਘਰ ਦੀਆਂ ਸੇਵਾਵਾਂ ’ਚ ਵੱਡੇ ਉਪਰਾਲੇ ਕੀਤੇ ਹਨ। ਇਨ੍ਹਾਂ ’ਚ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਹਾਲ ਦਾ ਨਵੀਨੀਕਰਨ ਮੁਕੰਮਲ ਹੋ ਰਿਹਾ ਹੈ ਤੇ ਅਗਲੇ 7 ਦਿਨਾਂ ਵਿਚ ਇਹ ਲੰਗਰ ਹਾਲ ਮੁੜ ਸ਼ੁਰੂ ਹੋ ਜਾਵੇਗਾ ਤੇ ਇਹ ਦੇਸ਼ ਦਾ ਪਹਿਲਾਂ ਅਜਿਹਾ ਲੰਗਰ ਹਾਲ ਹੈ, ਜਿੱਥੇ ਪੂਰਨ ਮਕੈਨੀਕਲ ਤਰੀਕੇ ਨਾਲ ਲੰਗਰ ਤਿਆਰ ਹੋਵੇਗਾ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਵੇਖਦਿਆਂ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਅਸਥਾਨ ’ਤੇ ਵੀ ਲੰਗਰ ਹਾਲ ਦੁੱਗਣੀ ਸਮਰੱਥਾ ਦਾ ਬਣਾਇਆ ਜਾ ਰਿਹਾ ਹੈ।

ਸਮਾਗਮ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਨਾ ਸਿਰਫ ਖਾਲਸਾ ਸਰੂਪ ਦਿੱਤਾ, ਸਗੋਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਜਿਨ੍ਹਾਂ ਤੋਂ ਸੇਧ ਲੈ ਕੇ ਅੱਜ ਸਾਰੀ ਦੁਨੀਆਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਿੰਘ ਬਣਾਇਆ ਤੇ ਜ਼ਬਰ ਤੇ ਜ਼ੁਲਮ ਖਿਲਾਫ ਲੜਨਾ ਸਿਖਾਇਆ। ਪ੍ਰੋਗਰਾਮ ’ਚ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ, ਪਰਮਜੀਤ ਸਿੰਘ ਚੰਢੋਕ, ਓਂਕਾਰ ਸਿੰਘ ਰਾਜਾ ਸਮੇਤ ਹੋਰਨਾਂ ਮੈਂਬਰ ਸਾਹਿਬਾਨ ਅਤੇ ਅਹੁਦੇਦਾਰ ਮੌਜੂਦ ਰਹੇ।


author

Tanu

Content Editor

Related News