ਦਿੱਲੀ ''ਚ ਸਵੇਰੇ-ਸਵੇਰੇ ਪਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
Saturday, Jul 13, 2024 - 10:54 AM (IST)

ਨਵੀਂ ਦਿੱਲੀ- ਦਿੱਲੀ ਦੇ ਕਈ ਹਿੱਸਿਆਂ ਵਿਚ ਸ਼ਨੀਵਾਰ ਤੜਕੇ ਮੀਂਹ ਪੈਣ ਨਾਲ ਉਸਮ ਤੋਂ ਰਾਹਤ ਮਿਲੀ ਅਤੇ ਤਾਪਮਾਨ 'ਚ ਗਿਰਾਵਟ ਹੋਈ ਹੈ। ਮੌਸਮ ਵਿਭਾਗ ਨੇ ਬੱਦਲ ਛਾਏ ਰਹਿਣ ਅਤੇ ਹਲਕਾ ਮੀਂਹ ਪੈਣ ਦਾ ਪੂਰਵ ਅਨੁਮਾਨ ਜਤਾਇਆ ਹੈ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸਵੇਰੇ 8 ਵਜੇ ਹਵਾ ਗੁਣਵੱਤਾ ਸੂਚਕਾਂਕ (AQI) 104 ਅੰਕ ਨਾਲ ਮੱਧ ਸ਼੍ਰੇਣੀ ਵਿਚ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ 0 ਤੋਂ 50 ਦਰਮਿਆਨ AQI ਚੰਗਾ, 51 ਤੋਂ 100 ਦਰਮਿਆਨ ਤਸਲੀਬਖ਼ਸ਼, 101 ਤੋਂ 200 ਦਰਮਿਆਨ ਮੱਧ, 201 ਤੋਂ 300 ਦਰਮਿਆਨ ਖਰਾਬ, 301 ਤੋਂ 400 ਦਰਮਿਆਨ ਬਹੁਤ ਖਰਾਬ ਅਤੇ 401 ਤੋਂ 500 ਦਰਮਿਆਨ ਗੰਭੀਰ ਮੰਨਿਆ ਜਾਂਦਾ ਹੈ। ਦੱਸਣਯੋਗ ਹੈ ਕਿ ਉੱਤਰ ਭਾਰਤ ਵਿਚ ਕਈ ਥਾਵਾਂ 'ਤੇ ਮੀਂਹ ਪੈ ਰਹੇ ਹਨ, ਜਿਸ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।