ਸਿੰਘੂ ਬਾਰਡਰ ’ਤੇ ਸ਼ਖ਼ਸ ਨੇ SHO ’ਤੇ ਕੀਤਾ ਜਾਨਲੇਵਾ ਹਮਲਾ, ਕਾਰ ਖੋਹਣ ਦੀ ਕੀਤੀ ਕੋਸ਼ਿਸ਼

Wednesday, Feb 17, 2021 - 11:07 AM (IST)

ਸਿੰਘੂ ਬਾਰਡਰ ’ਤੇ ਸ਼ਖ਼ਸ ਨੇ SHO ’ਤੇ ਕੀਤਾ ਜਾਨਲੇਵਾ ਹਮਲਾ, ਕਾਰ ਖੋਹਣ ਦੀ ਕੀਤੀ ਕੋਸ਼ਿਸ਼

ਨਵੀਂ ਦਿੱਲੀ— ਦਿੱਲੀ ਦੇ ਸਿੰਘੂ ਬਾਰਡਰ ’ਤੇ ਇਕ ਸ਼ਖ਼ਸ ਨੇ ਦਿੱਲੀ ਪੁਲਸ ਦੇ ਐੱਸ. ਐੱਚ. ਓ. ’ਤੇ ਤੇਜ਼ਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਐੱਸ. ਐੱਚ. ਓ. ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਮੁਤਾਬਕ ਸ਼ਖ਼ਸ ਨੇ ਪੁਲਸ ਦੀ ਕਾਰ ਖੋਹ ਕੇ ਦੌੜਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਪੁਲਸ ਨੇ ਉਸ ਦਾ ਪਿੱਛਾ ਕੀਤਾ ਤਾਂ ਦੋਸ਼ੀ ਨੂੰ ਮੁਕਬਰਾ ਚੌਕ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ  ਐੱਸ. ਐੱਚ. ਓ. ’ਤੇ ਹਮਲਾ ਕਰਨ ਵਾਲੇ ਸ਼ਖ਼ਸ ਦਾ ਨਾਂ ਹਰਪ੍ਰੀਤ ਸਿੰਘ ਹੈ, ਜੋ ਕਿ ਕਿਸਾਨ ਅੰਦੋਲਨ ਵਿਚ ਸ਼ਾਮਲ ਹੈ। ਇਹ ਘਟਨਾ ਮੰਗਲਵਾਰ ਰਾਤ ਕਰੀਬ 8 ਵਜੇ ਦੀ ਹੈ। ਪੁਲਸ ਨੇ ਗਿ੍ਰਫ਼ਤਾਰ ਹਰਪ੍ਰੀਤ ਵਿਰੁੱਧ ਚੋਰੀ ਅਤੇ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਸ਼ਖ਼ਸ ਨਿਹੰਗ ਹੈ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਹੈ।

ਓਧਰ ਦਿੱਲੀ ਪੁਲਸ ਵਲੋਂ ਇਸ ਘਟਨਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ ਹੈ। ਦਿੱਲੀ ਪੁੁਲਸ ਮੁਤਾਬਕ ਸਿੰਘੂ ਬਾਰਡਰ ’ਤੇ ਕੱਲ੍ਹ ਇਕ ਸ਼ਖ਼ਸ ਨੇ ਦਿੱਲੀ ਪੁਲਸ ਦੇ ਐੱਸ. ਐੱਚ. ਓ. ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਜਿਸ ’ਚ ਐੱਸ. ਐੱਚ. ਓ. ਜ਼ਖਮੀ ਹੋ ਗਏ ਹਨ। ਦੋਸ਼ੀ ਹਰਪ੍ਰੀਤ ਨੇ ਤਲਵਾਰ ਦੇ ਜ਼ੋਰ ’ਤੇ ਦਿੱਲੀ ਪੁਲਸ ਦੇ ਜਵਾਨ ਦੀ ਕਾਰ ਖੋਹ ਲਈ। ਜਿਸ ਤੋਂ ਬਾਅਦ ਪੁਲਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਹ ਮੁਕਬਰਾ ਚੌਕ ’ਤੇ ਕਾਰ ਛੱਡ ਕੇ ਇਕ ਸਕੂਟਰੀ ਲੈ ਕੇ ਦੌੜ ਰਿਹਾ ਸੀ।

ਇਸ ਦੌਰਾਨ ਪੁਲਸ ਫੋਰਸ, ਜਿਸ ’ਚ ਐੱਸ. ਐੱਚ. ਓ. ਸਮਾਂਪੁਰ ਬਾਦਲੀ ਆਸ਼ੀਸ਼ ਦੁਬੇ ਨੇ ਆਪਣੇ ਬਾਕੀ ਸਟਾਫ਼ ਨਾਲ ਉਸ ਦਾ ਪਿੱਛਾ ਕੀਤਾ। ਸ਼ਖ਼ਸ ਨੇ ਐੱਸ. ਐੱਚ. ਓ. ਆਸ਼ੀਸ਼ ਦੁਬੇ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਉਨ੍ਹਾਂ ਦੀ ਗਰਦਨ ’ਚ ਸੱਟ ਲੱਗੀ ਹੈ। ਆਸ਼ੀਸ਼ ਦੁਬੇ ਨੂੰ ਰਾਤ ਨੂੰ ਹੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਦੱਸ ਦੇਈਏ ਕਿ ਸਿੰਘੂ ਬਾਰਡਰ ਉਹ ਥਾਂ ਹੈ, ਜਿੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇੱਥੇ ਵੱਡੀ ਗਿਣਤੀ ਵਿਚ ਕਿਸਾਨ ਪਿਛਲੇ 83 ਦਿਨਾਂ ਤੋਂ ਡਟੇ ਹੋਏ ਹਨ। 


author

Tanu

Content Editor

Related News