ਦਿੱਲੀ ਪੁਲਸ ਨੇ ਫੜਿਆ ਹਥਿਆਰਾਂ ਦਾ ਜ਼ਖੀਰਾ, ਮੇਰਠ ''ਚ ਚਲ ਰਹੀ ਸੀ ਗੈਰ-ਕਾਨੂੰਨੀ ਫੈਕਟਰੀ
Monday, Oct 07, 2024 - 10:58 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਨੇ ਮੇਰਠ 'ਚ ਚੱਲ ਰਹੀ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੇਰਠ ਦੇ ਇਕ ਫਲੈਟ ਤੋਂ 16 ਦੇਸੀ ਪਿਸਤੌਲਾਂ, 6 ਕਾਰਤੂਸ, ਦੇਸੀ ਪਿਸਤੌਲ ਦੇ 41 ਬੈਰਲ ਅਤੇ ਗੈਰ-ਕਾਨੂੰਨੀ ਹਥਿਆਰ ਬਣਾਉਣ ਲਈ ਵਰਤੇ ਜਾਂਦੇ 6 ਉਪਕਰਣ ਜ਼ਬਤ ਕੀਤੇ ਗਏ ਹਨ।
ਕ੍ਰਾਈਮ ਬਰਾਂਚ ਸਪੈਸ਼ਲ ਕਮਿਸ਼ਨਰ ਦੇਵੇਸ਼ ਚੰਦਰ ਸ਼੍ਰੀਵਾਸਤਵ ਨੇ ਦੱਸਿਆ ਕਿ ਸੈਂਟਰਲ ਰੇਂਜ ਦੀ ਟੀਮ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਗੈਰ-ਕਾਨੂੰਨੀ ਹਥਿਆਰਾਂ ਨਾਲ ਆਉਣ ਵਾਲਾ ਹੈ। ਪੁਲਸ ਨੇ ਦਬਿਸ਼ ਦੇ ਕੇ ਇਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ ਦੋ ਦੋਸੀ ਪਿਸਤੌਲਾਂ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁੱਛ-ਗਿੱਛ ਵਿਚ ਦੋਸ਼ੀ ਨੇ ਆਪਣਾ ਨਾਂ ਇਕਰਾਮ ਦੱਸਿਆ। ਉਸ ਨੇ ਖ਼ੁਲਾਸਾ ਕੀਤਾ ਉਹ ਇਹ ਗੈਰ-ਕਾਨੂੰਨੀ ਹਥਿਆਰ ਮੇਰਠ ਤੋਂ ਲੈ ਕੇ ਆ ਰਿਹਾ ਸੀ, ਜਿੱਥੇ ਇਨ੍ਹਾਂ ਹਥਿਆਰਾਂ ਦੀ ਫੈਕਟਰੀ ਲੱਗੀ ਹੋਈ ਹੈ। ਦੋਸ਼ੀ ਨੇ ਇਹ ਵੀ ਦੱਸਿਆ ਕਿ ਜੋ ਵਿਅਕਤੀ ਗੈਰ-ਕਾਨੂੰਨੀ ਹਥਿਆਰਾਂ ਦੀ ਫੈਕਟਰੀ ਚਲਾ ਰਿਹਾ ਹੈ, ਉਸ ਦਾ ਨਾਂ ਮਾਸ਼ੂਕ ਅਲੀ ਹੈ।
ਓਧਰ ਡੀ. ਸੀ. ਪੀ. ਰਾਕੇਸ਼ ਪਾਵਰੀਆ ਦੀ ਦੇਖ-ਰੇਖ ਵਿਚ ਬਣੀ ਟੀਮ ਨੇ ਮੇਰਠ ਵਿਚ ਕਾਸ਼ੀਰਾਮ ਕਾਲੋਨੀ ਵਿਚ ਸਥਿਤ ਇਕ ਫਲੈਟ ਵਿਚ ਦਬਿਸ਼ ਦੇ ਕੇ ਗੈਰ-ਕਾਨੂੰਨੀ ਹਥਿਆਰਾਂ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ। ਇਸ ਤੋਂ ਬਾਅਦ ਮਾਸ਼ੂਕ ਅਲੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਫੈਕਟਰੀ ਦਾ ਮਾਲਕ ਹੈ। ਪੁੱਛਗਿੱਛ ਦੌਰਾਨ ਮਾਸ਼ੂਕ ਅਲੀ ਨੇ ਖ਼ੁਲਾਸਾ ਕੀਤਾ ਕਿ ਉਹ ਹੁਣ ਤੱਕ 80 ਪਿਸਤੌਲਾਂ ਬਣਾ ਚੁੱਕਾ ਹੈ। ਪਹਿਲਾਂ ਉਹ ਮੋਬਾਈਲ ਦੀ ਦੁਕਾਨ ਚਲਾਉਂਦਾ ਸੀ। ਪੁਲਸ ਹਥਿਆਰ ਬਣਾਉਣ ਅਤੇ ਸਪਲਾਈ ਕਰਨ ਦੇ ਧੰਦੇ ਵਿਚ ਸ਼ਾਮਲ ਲੋਕਾਂ ਦੀ ਭਾਲ ਕਰਨ ਰਹੀ ਹੈ।