ਗੁਰਦੁਆਰਾ ਸੀਸਗੰਜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਦੇ ਦਿੱਲੀ ਪੁਲਸ ਨੇ ਕੱਟੇ 1 ਕਰੋੜ ਦੇ ਚਲਾਨ

09/26/2023 6:31:32 PM

ਨਵੀਂ ਦਿੱਲੀ- ਦਿੱਲੀ ਟ੍ਰੈਫਿਕ ਪੁਲਸ ਵੱਲੋਂ ਆਪਣੀਆਂ ਗੱਡੀਆਂ ਵਿਚ ਗੁਰਦੁਆਰਾ ਸੀਸਗੰਜ ਸਾਹਿਬ, ਚਾਂਦਨੀ ਚੌਂਕ ਜਾਣ ਵਾਲੇ ਸ਼ਰਧਾਲੂਆਂ ਨੂੰ ਕਥਿਤ 'ਨੋ ਐਂਟਰੀ' ਆਦੇਸ਼ ਦੀ ਉਲੰਘਣਾ ਦੇ ਤਹਿਤ ਭੇਜੇ ਜਾ ਰਹੇ ਚਲਾਨਾਂ ਨੂੰ ਰੱਦ ਕਰਨ ਦੀ ਜਾਗੋ ਪਾਰਟੀ ਨੇ ਮੰਗ ਕੀਤੀ ਹੈ। ਜਾਗੋ ਪਾਰਟੀ ਦੇ ਇੰਟਰਨੈਸ਼ਨਲ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਸਬੰਧੀ ਦਿੱਲੀ ਪੁਲਸ ਕਮਿਸ਼ਨਰ ਸੰਜੇ ਅਰੋੜਾ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਗੁਰਦੁਆਰਾ ਸੀਸਗੰਜ ਸਾਹਿਬ ਦੀ ਕਾਰ ਪਾਰਕਿੰਗ ਵਿਚ ਜਾਣ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਦਿੱਲੀ ਟ੍ਰੈਫਿਕ ਪੁਲੀਸ ਵੱਲੋਂ ਭੇਜੇ ਗਏ ਕਥਿਤ ਨੋ ਐਂਟਰੀ ਚਲਾਨ ਰੱਦ ਕਰਨ ਅਤੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਨੋ ਐਂਟਰੀ ਜ਼ੋਨ ਹਟਾਉਣ ਦੀ ਮੰਗ ਕੀਤੀ ਹੈ। 

ਜੀਕੇ ਨੇ ਪੁਲਸ ਕਮਿਸ਼ਨਰ ਨੂੰ ਲਿਖੇ ਪੱਤਰ ਵਿਚ ਦੱਸਿਆ ਹੈ ਕਿ ਦਿੱਲੀ ਦੇ ਚਾਂਦਨੀ ਚੌਕ ਸਥਿਤ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਆਪਣੀਆਂ ਗੱਡੀਆਂ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਪੁਲਸ ਵੱਲੋਂ ਰੋਕਿਆ ਜਾ ਰਿਹਾ ਹੈ। ਕਥਿਤ 'ਨੋ ਐਂਟਰੀ' ਆਦੇਸ਼ ਦੀ ਉਲੰਘਣਾ ਦੇ ਕਾਰਨ ਦਿੱਲੀ ਟ੍ਰੈਫਿਕ ਪੁਲਸ ਵੱਲੋਂ 20,000/- ਰੁਪਏ ਦੇ ਜੁਰਮਾਨੇ ਦੇ ਚਾਲਾਨ ਭੇਜੇ ਜਾ ਰਹੇ ਹਨ। ਲਗਭਗ 1 ਕਰੋੜ ਰੁਪਏ ਦੇ ਅਜਿਹੇ ਚਲਾਨ ਸ਼ਰਧਾਲੂਆਂ ਰਾਹੀਂ ਸਾਡੇ ਤਕ ਪਹੁੰਚ ਚੁੱਕੇ ਹਨ। ਇਸ ਵਿਚ ਦੋਪਹੀਆ ਤੋਂ ਚਾਰ ਪਹੀਆ ਗੱਡੀਆਂ ਦੇ ਚਲਾਨ ਵੀ ਸ਼ਾਮਲ ਹਨ। 

PunjabKesari

ਉਨ੍ਹਾਂ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਪ੍ਰੈਲ 2023 ਵਿਚ ਲਾਲ ਕਿਲੇ ਦੇ ਮੈਦਾਨ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਿਹਾ ਸੀ ਕਿ ਇਹ ਲਾਲ ਕਿਲ੍ਹਾ ਇੰਨੇ ਕਾਲਖੰਡਾਂ ਦਾ ਗਵਾਹ ਰਿਹਾ ਹੈ। ਇਨ੍ਹੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਦੇਖੀ ਹੈ। ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦੀ ਜ਼ਾਲਮ ਸੋਚ ਦੇ ਸਾਹਮਣੇ ਚਟਾਨ ਵਾਂਗ ਖੜੇ ਸਨ। ਔਰੰਗਜ਼ੇਬ ਅਤੇ ਉਸ ਦੇ ਜ਼ਾਲਮਾਂ ਨੇ ਸਿਰ ਧੜ ਤੋਂ ਵੱਖ ਕਰ ਦਿੱਤੇ ਹੋਣ ਪਰ ਉਹ ਸਾਨੂੰ ਸਾਡੇ ਸੱਭਿਆਚਾਰ ਤੋਂ ਵੱਖ ਨਹੀਂ ਕਰ ਸਕੇ ਪਰ ਦੂਜੇ ਪਾਸੇ ਦਿੱਲੀ ਟ੍ਰੈਫਿਕ ਪੁਲਸ ਇਸ ਅਸਥਾਨ 'ਤੇ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਅਣਪਛਾਤੇ ਕਾਰਨਾਂ ਕਰਕੇ ਨੋ ਐਂਟਰੀ ਦੇ ਚਲਾਨ ਭੇਜ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੀ ਹੈ ਅਤੇ ਦੋਪਹੀਆ ਵਾਹਨਾਂ ਦੇ ਚਲਾਨ ਉਨ੍ਹਾਂ ਦੀ ਗੱਡੀ ਦੀ ਕੀਮਤ ਤੋਂ ਵੱਧ ਜੁਰਮਾਨੇ ਦੇ ਭੇਜੇ ਜਾ ਰਹੇ ਹਨ। 

PunjabKesari

ਜਦੋਂ ਕਿ ਅਸਲ ਵਿਚ ਲਾਲ ਕਿਲੇ ਤੋਂ ਫਤਿਹਪੁਰੀ ਨੂੰ ਜਾਣ ਵਾਲੀ ਸੜਕ ਨੂੰ ਦਿੱਲੀ ਟ੍ਰੈਫਿਕ ਪੁਲਸ ਨੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਨੋ ਐਂਟਰੀ ਜ਼ੋਨ ਐਲਾਨ ਕੀਤਾ ਹੋਇਆ ਹੈ ਪਰ ਕੋਡੀਆ ਪੁਲ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤਕ ਦੀ ਸੜਕ ਨੂੰ ਹੁਣ ਜ਼ਬਰਦਸਤੀ ਨੋ ਐਂਟਰੀ ਜ਼ੋਨ ਐਲਾਨਿਆ ਜਾ ਰਿਹਾ ਹੈ। ਨੋ ਐਂਟਰੀ ਜ਼ੋਨ ਬਾਰੇ ਡਰਾਈਵਰਾਂ ਨੂੰ 20000/ ਰੁਪਏ ਚਾਲਾਨ ਦੀ ਚੇਤਾਵਨੀ ਦੇਣ ਵਾਲਾ ਬੋਰਡ 'ਯੈੱਸ ਬੈਂਕ' ਦੀ ਚਾਂਦਨੀ ਚੌਕ ਬ੍ਰਾਂਚ ਦੇ ਬਾਹਰ ਲਗਾਇਆ ਗਿਆ ਹੈ, ਜੋ ਕਿ ਕੋਡੀਆ ਪੁਲ ਤੋਂ ਆਉਣ ਵਾਲੇ ਰਸਤੇ ਉਤੇ ਹੈ। 

ਕੁਝ ਸ਼ਰਧਾਲੂਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਸਾਰੀ ਕਵਾਇਦ ਟ੍ਰੈਫਿਕ ਪੁਲਸ ਦੇ ਕੁਝ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀਆਂ ਕਾਰਾਂ ਓਮੈਕਸ ਮਾਲ ਜੋ ਕਿ ਕੋਡੀਆ ਪੁਲ ਰੋਡ ਉਤੇ ਖੁੱਲ੍ਹਣ ਜਾ ਰਿਹਾ ਹੈ, ਦੀ ਕਾਰ ਪਾਰਕਿੰਗ 'ਚ ਪੈਸੇ ਦੇ ਕੇ ਮਜਬੂਰੀ ਵੱਸ ਗੱਡੀਆਂ ਖੜ੍ਹੀਆਂ ਕਰਵਾਉਣ ਦੀ ਮੰਸ਼ਾ ਨਾਲ ਕੀਤੀ ਜਾ ਰਹੀ ਹੈ | ਇਸ ਲਈ ਇਸ ਇਲਾਕੇ ਨੂੰ ਗੈਰ-ਕਾਨੂੰਨੀ ਅਤੇ ਮਨਮਾਨੇ ਢੰਗ ਨਾਲ ਨੋ ਐਂਟਰੀ ਜ਼ੋਨ ਬਣਾਇਆ ਜਾ ਰਿਹਾ ਹੈ। ਇਸ ਲਈ ਦਿੱਲੀ ਟ੍ਰੈਫਿਕ ਪੁਲਸ ਵੱਲੋਂ ਭੇਜੇ ਗਏ ਸਾਰੇ ਨੋ ਐਂਟਰੀ ਚਲਾਨ ਤੁਰੰਤ ਰੱਦ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨੋ ਐਂਟਰੀ ਜ਼ੋਨ ਦੇ ਲੱਗੇ ਬੋਰਡ ਤੁਰੰਤ ਹਟਾਏ ਜਾਣ। ਇਹ 2025 ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਰਹੇ 350ਵੇਂ ਸ਼ਹੀਦੀ ਪੁਰਬ ਤੋਂ ਪਹਿਲਾਂ ਦਿੱਲੀ ਪੁਲਸ ਦੀ ਇਹ ਬਹੁਤ ਵੱਡੀ ਸੇਵਾ ਹੋਵੇਗੀ।


Rakesh

Content Editor

Related News