ਦਿੱਲੀ ''ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 18 ਬੰਗਲਾਦੇਸ਼ੀ ਨਾਗਰਿਕ ਕਾਬੂ

Saturday, Jun 28, 2025 - 05:16 PM (IST)

ਦਿੱਲੀ ''ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 18 ਬੰਗਲਾਦੇਸ਼ੀ ਨਾਗਰਿਕ ਕਾਬੂ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 18 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਇਕ ਵਿਸ਼ੇਸ਼ ਚੈਕਿੰਗ ਅਤੇ ਵੈਰੀਫਿਕੇਸ਼ਨ ਮੁਹਿੰਮ ਦੌਰਾਨ ਕੀਤੀ ਗਈ। ਪੁਲਸ ਮੁਤਾਬਕ ਇਨ੍ਹਾਂ 'ਚੋਂ 5 ਵਿਅਕਤੀ ਟਰਾਸਜੈਂਡਰ ਦੇ ਭੇਸ 'ਚ ਰਹਿ ਰਹੇ ਸਨ, ਤਾਂ ਜੋ ਆਪਣੀ ਅਸਲੀ ਪਛਾਣ ਨੂੰ ਲੁਕਾ ਸਕਣ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਵਿਚੋਂ 7 ਦੇ ਫੋਨ ਵਿਚ ਪਾਬੰਦੀਸ਼ੁਦਾ ਮੈਸੇਜਿੰਗ ਐਪ ਮਿਲੇ ਹਨ, ਜਿਨ੍ਹਾਂ ਜ਼ਰੀਏ ਉਹ ਬੰਗਲਾਦੇਸ਼ ਵਿਚ ਆਪਣੇ ਪਰਿਵਾਰ ਨਾਲ ਗੱਲ ਕਰਦੇ ਸਨ। 

ਸੈਂਕੜੇ ਝੁੱਗੀਆਂ ਤੇ ਗਲੀਆਂ 'ਚ ਚਲਾਈ ਗਈ ਪੁਸ਼ਟੀਕਰਨ ਮੁਹਿੰਮ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਕਾਰਵਾਈ ਦੌਰਾਨ ਲਗਭਗ 100 ਝੁੱਗੀਆਂ ਅਤੇ 150 ਗਲੀਆਂ ਨੂੰ ਘੇਰ ਕੇ ਵੈਰੀਫਿਕੇਸ਼ਨ ਕੀਤਾ ਗਿਆ। ਇਸ ਦੌਰਾਨ ਇਕ ਵਿਅਕਤੀ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਪੁੱਛਗਿੱਛ 'ਚ ਉਸ ਨੇ ਆਪਣੇ ਬੰਗਲਾਦੇਸ਼ੀ ਹੋਣ ਦੀ ਗੱਲ ਮੰਨ ਲਈ। ਪਿੱਛੋਂ ਉਸ ਦੇ ਪਰਿਵਾਰਕ ਮੈਂਬਰਾਂ ਦੀ ਵੀ ਪਛਾਣ ਹੋਈ।

ਟਰਾਂਸਜੈਂਡਰ ਬਣ ਕੇ ਲੁਕ ਰਹੇ ਸਨ ਦੋਸ਼ੀ

ਦੂਜੀ ਕਾਰਵਾਈ ਦੌਰਾਨ ਪੁਲਸ ਨੇ 5 ਅਜਿਹੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਆਪਣੀ ਪਛਾਣ ਲੁਕਾਉਣ ਲਈ ਟ੍ਰਾਂਸਜੈਂਡਰ ਦੇ ਰੂਪ 'ਚ ਰਹਿ ਰਹੇ ਸਨ। ਇਨ੍ਹਾਂ ਦੀ ਵਧੇਰੇ ਜਾਂਚ ਅਤੇ ਦਸਤਾਵੇਜ਼ੀ ਤਸਦੀਕ ਲਈ ਉਨ੍ਹਾਂ ਨੂੰ ਵਿਦੇਸ਼ ਸ਼ਾਖਾ ਨੂੰ ਸੌਂਪ ਦਿੱਤਾ ਗਿਆ ਹੈ।

13 ਵਿਅਕਤੀ ਮਿਲੇ ਕਾਨੂੰਨੀ ਦਸਤਾਵੇਜ਼ਾਂ ਸਮੇਤ

ਇਸ ਦੌਰਾਨ ਪੁਲਿਸ ਨੂੰ ਕੁੱਲ 13 ਅਜਿਹੇ ਵਿਅਕਤੀ ਵੀ ਮਿਲੇ, ਜਿਨ੍ਹਾਂ ਕੋਲ ਸਹੀ ਅਤੇ ਕਾਨੂੰਨੀ ਦਸਤਾਵੇਜ਼ ਮੌਜੂਦ ਸਨ।  ਇਹ ਕਾਰਵਾਈ ਦਿੱਲੀ 'ਚ ਹੋ ਰਹੀ ਗੈਰ-ਕਾਨੂੰਨੀ ਘੁਸਪੈਠ ਅਤੇ ਸ਼ੱਕੀ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਚਲਾਈ ਗਈ ਨੀਤੀ ਦਾ ਹਿੱਸਾ ਸੀ। ਪੁਲਸ ਵੱਲੋਂ ਜਾਂਚ ਅਜੇ ਜਾਰੀ ਹੈ।
 


author

Tanu

Content Editor

Related News