ਦਿੱਲੀ-NCR ''ਚ ਪ੍ਰਦੂਸ਼ਣ ਦਾ ਕਹਿਰ, ਹਵਾ ਗੁਣਵੱਤਾ ''ਐਮਰਜੈਂਸੀ'' ਸ਼੍ਰੇਣੀ ਦੇ ਕਰੀਬ ਪਹੁੰਚੀ
Tuesday, Nov 10, 2020 - 11:19 AM (IST)
ਨਵੀਂ ਦਿੱਲੀ- ਦਿੱਲੀ 'ਚ ਸਵੇਰੇ-ਸਵੇਰੇ ਧੁੰਦ ਛਾਈ ਰਹਿਣ ਦੇ ਨਾਲ ਹੀ ਸੂਰਜ ਆਸਮਾਨ ਤੋਂ ਗਾਇਬ ਰਿਹਾ ਅਤੇ ਇਸ ਦੇ ਨਾਲ ਹੀ ਮੰਗਲਵਾਰ ਨੂੰ ਹਵਾ ਗੁਣਵੱਤਾ 'ਐਮਰਜੈਂਸੀ' ਪੱਧਰ ਦੇ ਬੇਹੱਦ ਕਰੀਬ ਪਹੁੰਚ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਮੰਦਰ ਮਾਰਗ, ਪੰਜਾਬੀ ਬਾਗ਼, ਪੂਸਾ, ਰੋਹਿਣੀ, ਪਟਪੜਗੰਜ, ਜਵਾਹਰਲਾਲ ਨਹਿਰੂ ਸਟੇਡੀਅਮ, ਨਜਫਗੜ੍ਹ, ਸ਼੍ਰੀ ਔਰੋਬਿੰਦੋ ਮਾਰਗ ਅਤੇ ਓਖਲਾ ਫੇਜ਼-2 ਸਥਿਤ ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ 'ਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 500 ਦੇ ਨੇੜੇ ਹੀ ਦਰਜ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਦ੍ਰਿਸ਼ਤਾ ਸਿਰਫ਼ 300 ਮੀਟਰ ਸੀ, ਜਿਸ ਨਾਲ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਇਆ। ਦਿੱਲੀ 'ਚ ਸਵੇਰੇ 9 ਵਜੇ ਏ.ਕਿਊ.ਆਈ. 487 ਦਰਜ ਕੀਤਾ ਗਿਆ, ਜੋ ਕਿ 'ਗੰਭੀਰ' ਸ਼੍ਰੇਣੀ 'ਚ ਆਉਂਦਾ ਹੈ।
ਇਹ ਵੀ ਪੜ੍ਹੋ : ਅਕ੍ਰਿਤਘਣ ਪੁੱਤਾਂ ਦਾ ਕਾਰਾ, ਜ਼ਮੀਨ ਖ਼ਾਤਰ ਪਿਓ ਨੂੰ ਮਾਰ ਕੇ ਜਾਨਵਰਾਂ ਦੇ ਖਾਣ ਲਈ ਜੰਗਲ 'ਚ ਸੁੱਟੀ ਲਾਸ਼
ਹਵਾ ਗੁਣਵੱਤਾ ਸੂਚਕਾਂਕ ਦਿੱਲੀ ਦੇ ਗੁਆਂਢੀ ਸ਼ਹਿਰਾਂ ਫਰੀਦਾਬਾਦ 'ਚ 474, ਗਾਜ਼ੀਆਬਾਦ 'ਚ 476, ਨੋਇਡਾ 'ਚ 490, ਗ੍ਰੇਟਰ ਨੋਇਡਾ 'ਚ 467, ਗੁਰੂਗ੍ਰਾਮ 'ਚ 469 ਦਰਜ ਕੀਤਾ ਗਿਆ। ਦਿੱਲੀ 'ਚ ਲਗਾਤਾਰ 6ਵੇਂ ਦਿਨ ਹਵਾ ਗੁਣਵੱਤਾ ਸੂਚਕਾਂਕ 'ਗੰਭੀਰ' ਸ਼੍ਰੇਣੀ 'ਚ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ 0 ਅਤੇ 50 ਦਰਮਿਆਨ ਏ.ਕਿਊ.ਆਈ. ਨੂੰ 'ਚੰਗਾ, 51 ਅਤੇ 100 ਦਰਮਿਆਨ 'ਸੰਤੋਸ਼ਜਨਕ', 101 ਅਤੇ 200 ਦਰਮਿਆਨ 'ਮੱਧਮ', 201 ਅਤੇ 300 ਦਰਮਿਆਨ 'ਖਰਾਬ', 301 ਅਤੇ 400 ਦਰਮਿਆਨ 'ਬੇਹੱਦ ਖਰਾਬ' ਅਤੇ 401 ਤੋਂ 500 ਦਰਮਿਆਨ 'ਗੰਭੀਰ' (ਐਮਰਜੈਂਸੀ) ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਉੱਥੇ ਹੀ ਦਿੱਲੀ-ਐੱਨ.ਸੀ.ਆਰ. 'ਚ ਸਵੇਰੇ 8 ਵਜੇ ਤੋਂ ਪੀਐੱਮ 2.5 ਦਾ ਪੱਧਰ 605 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ, ਜੋ ਸੁਰੱਖਿਆ ਸੀਮਾ 60 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ 10 ਗੁਣਾ ਵੱਧ ਹੈ। ਸੀ.ਪੀ.ਸੀ.ਬੀ. ਦੇ ਅੰਕੜਿਆਂ ਅਨੁਸਾਰ ਸਵੇਰੇ 8 ਵਜੇ ਤੋਂ ਪੀਐੱਮ 10 ਦਾ ਪੱਧਰ 777 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਦੀਵਾਲੀ ਤੋਂ ਪਹਿਲਾਂ ਪਸਰਿਆ ਮਾਤਮ, ਮਿੱਟੀ ਦੀ ਖੋਦਾਈ ਦੌਰਾਨ 4 ਬੱਚਿਆਂ ਦੀ ਮੌਤ