ਨਾਂਦੇੜ ਸਾਹਿਬ ਜਾਣ ਵਾਲੇ ਲੋਕਾਂ ਲਈ ਖੁਸ਼ਖਬਰੀ, 30 Oct ਤੋਂ ਸ਼ੁਰੂ ਹੋਵੇਗੀ ਸਿੱਧੀ ਫਲਾਈਟ

Sunday, Oct 07, 2018 - 04:33 PM (IST)

ਨਵੀਂ ਦਿੱਲੀ— ਸ੍ਰੀ ਨਾਂਦੇੜ ਸਾਹਿਬ ਜਾਣ ਵਾਲੇ ਲੋਕਾਂ ਲਈ ਇਕ ਹੋਰ ਵੱਡੀ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ ਦਿੱਲੀ ਤੋਂ ਨਾਂਦੇੜ ਸਾਹਿਬ ਲਈ ਸਿੱਧੀ ਉਡਾਣ ਸ਼ੁਰੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਉਡਾਣ 30 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਸਿੱਖ ਧਰਮ 'ਚ ਖਾਸ ਅਹਿਮੀਅਤ ਹੈ ਅਤੇ ਸਿੱਖ ਭਾਈਚਾਰੇ ਦੀ ਪਿਛਲੇ ਕਾਫੀ ਸਮੇਂ ਤੋਂ ਫਲਾਈਟ ਸ਼ੁਰੂ ਕਰਨ ਦੀ ਮੰਗ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਨਾਂਦੇੜ ਸਾਹਿਬ ਲਈ ਇਹ ਦੂਜੀ ਉਡਾਣ ਹੈ। ਇਸ ਤੋਂ ਪਹਿਲਾਂ ਇਕ ਫਲਾਈਟ ਦਸੰਬਰ 2017 ਤੋਂ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਨੂੰ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਰੇਲਵੇ ਵੱਲੋਂ ਸ੍ਰੀ ਨਾਂਦੇੜ ਸਾਹਿਬ ਅਤੇ ਜੰਮੂ ਵਿਚਕਾਰ ਨਵੀਂ ਰੇਲਗੱਡੀ ਹਮਸਫਰ ਐਕਸਪ੍ਰੈੱਸ ਵੀ ਸ਼ੁਰੂ ਕੀਤੀ ਗਈ ਹੈ। ਬੀਬੀ ਬਾਦਲ ਨੇ ਨਾਂਦੇੜ-ਜੰਮੂ ਵਿਚਕਾਰ ਚੱਲਣ ਵਾਲੀ ਸੁਪਰਫਾਸਟ ਹਮਸਫਰ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।ਇਹ ਰੇਲ ਗੱਡੀ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਅਤੇ ਜੰਮੂ ਵਿਚ ਮਾਤਾ ਮਨਸਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਉੱਤਰਾਖੰਡ 'ਚ ਸ੍ਰੀ ਹੇਮਕੁੰਟ ਸਾਹਿਬ, ਹਰਿਦੁਆਰ, ਬਦਰੀਨਾਥ ਅਤੇ ਕੇਦਾਰਨਾਥ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵਰਦਾਨ ਸਾਬਤ ਹੋਵੇਗੀ।


Related News