ਗੋਲ਼ੀਆਂ ਦੀ ਤਾੜ-ਤਾੜ ਨਾਲ ਕੰਬ ਗਈ ਦਿੱਲੀ ! ਮਾਮੂਲੀ ਝਗੜੇ ਤੋਂ ਬਾਅਦ ਹੋ ਗਈ ਫਾਇਰਿੰਗ
Saturday, Oct 18, 2025 - 04:30 PM (IST)

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਉੱਤਰ-ਪੱਛਮੀ ਦਿੱਲੀ ਦੇ ਮੁਕੁੰਦਪੁਰ ਇਲਾਕੇ ਵਿੱਚ ਇੱਕ ਘਰ ਵਿੱਚ ਝਗੜੇ ਤੋਂ ਬਾਅਦ ਗੋਲੀਆਂ ਚੱਲ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਸ ਘਰ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ, ਉਹ ਨਰੇਸ਼ ਰਾਜਪੂਤ ਦਾ ਹੈ ਅਤੇ ਉਸ ਦੇ ਪੁੱਤਰ ਜਤਿਨ ਨੇ ਸ਼ੁੱਕਰਵਾਰ ਰਾਤ ਨੂੰ ਗੋਲੀਬਾਰੀ ਦੀ ਰਿਪੋਰਟ ਕਰਨ ਲਈ ਪੁਲਸ ਨੂੰ ਫ਼ੋਨ ਕੀਤਾ ਸੀ। ਜਤਿਨ ਨੇ ਪੁਲਸ ਨੂੰ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਕਈ ਗੋਲੀਆਂ ਚਲਾਈਆਂ, ਹਾਲਾਂਕਿ ਗਨਿਮਤ ਰਹੀ ਕਿ ਇਸ ਫਾਇਰਿੰਗ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਕੰਬੀ ਧਰਤੀ, ਦਿਨੇ-ਦੁਪਹਿਰੇ ਲੱਗੇ ਭੂਚਾਲ ਦੇ ਝਟਕੇ
ਪੁਲਸ ਨੇ ਸ਼ਿਕਾਇਤਕਰਤਾ ਦੇ ਘਰ ਦੇ ਬਾਹਰੋਂ ਚਾਰ ਖਾਲੀ ਖੋਲ ਬਰਾਮਦ ਕੀਤੇ। ਪੁਲਸ ਦੇ ਅਨੁਸਾਰ, ਜਾਂਚ ਵਿੱਚ ਪਤਾ ਲੱਗਾ ਹੈ ਕਿ ਜਤਿਨ ਅਤੇ ਉਸਦੇ ਦੋਸਤਾਂ ਦੀ ਰਾਤ 9:30 ਵਜੇ ਦੇ ਕਰੀਬ ਮੁਕੁੰਦਪੁਰ ਦੇ ਮਾਛੀ ਬਾਜ਼ਾਰ ਚੌਕ 'ਤੇ ਅੰਕਿਤ ਨਾਮ ਦੇ ਇੱਕ ਵਿਅਕਤੀ ਨਾਲ ਲੜਾਈ ਹੋਈ ਸੀ।
ਪੁਲਸ ਨੇ ਕਿਹਾ ਕਿ ਅੰਕਿਤ ਆਪਣੇ ਦੋਸਤਾਂ ਆਯੂਸ਼, ਰਾਜਾ, ਸੁਮਿਤ ਉਰਫ਼ ਕਬਾਰੀਆ ਅਤੇ ਮਨੀਸ਼ ਉਰਫ਼ ਤੋਤਲਾ ਨਾਲ ਬਾਅਦ ਵਿੱਚ ਦੋ ਮੋਟਰਸਾਈਕਲਾਂ 'ਤੇ ਜਤਿਨ ਦੇ ਘਰ ਆਇਆ ਅਤੇ ਹਵਾਈ ਫਾਇਰ ਕਰਨ ਮਗਰੋਂ ਫਰਾਰ ਹੋ ਗਿਆ। ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਅੰਕਿਤ, ਮਨੀਸ਼ ਅਤੇ ਸੁਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਸ਼ੱਕੀਆਂ ਦੀ ਭਾਲ ਜਾਰੀ ਹੈ।