ਦਿੱਲੀ ''ਚ ਘਰ-ਘਰ ਸਵੱਛਤਾ ਲਈ ਵਸੂਲਿਆ ਜਾਵੇਗਾ ਯੂਜ਼ਰ ਚਾਰਜ

02/18/2020 10:34:47 AM

ਨਵੀਂ ਦਿੱਲੀ— ਘਰਾਂ ਦੇ ਕੂੜੇ ਨੂੰ ਸਹੀ ਥਾਂ 'ਤੇ ਸੁੱਟਣਾ ਅਤੇ ਸਹੀ ਨਿਪਟਾਰਾ ਕਰਨਾ ਸਾਡੀ ਸਾਰਿਆਂ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ। ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣਾ ਲਈ ਜ਼ਰੂਰੀ ਹੈ ਕਿ ਠੋਸ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਹੁਣ ਦਿੱਲੀ 'ਚ ਘਰਾਂ 'ਚੋਂ ਚੁੱਕੇ ਜਾਣ ਵਾਲੇ ਕੂੜੇ ਲਈ ਚਾਰਜ ਲੱਗੇਗਾ। ਇਸੇ ਫਰਵਰੀ ਮਹੀਨੇ ਤੋਂ ਉੱਤਰੀ ਦਿੱਲੀ ਨਗਰ ਨਿਗਮ ਵਲੋਂ ਚਾਰਜ ਵਸੂਲਿਆ ਜਾਵੇਗਾ। ਰਿਹਾਇਸ਼ੀ ਕਾਲੋਨੀਆਂ ਵਿਚ ਰਹਿਣ ਵਾਲਿਆਂ ਨੂੰ ਘੱਟ ਤੋਂ ਘੱਟ 50 ਰੁਪਏ ਮਹੀਨੇ ਅਤੇ ਵੱਧ ਤੋਂ ਵੱਧ 200 ਰੁਪਏ ਮਹੀਨੇ ਯੂਜ਼ਰ ਚਾਰਜ ਦੇਣਾ ਹੋਵੇਗਾ। ਨਗਰ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਦਿੱਲੀ 'ਚ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ 2016 'ਚ ਸਾਲਿਡ ਵੇਸਟ ਮੈਨੇਜਮੈਂਟ ਪਲਾਨ ਤਿਆਰ ਕੀਤਾ, ਜਿਸ 'ਚ ਯੂਜ਼ਰ ਚਾਰਜ ਵਸੂਲ ਕਰਨ ਦੀ ਵਿਵਸਥਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 

ਰਿਹਾਇਸ਼ੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਤੋਂ 50 ਵਰਗ ਮੀਟਰ ਤਕ 50 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਯੂਜ਼ਰ ਚਾਰਜ ਲਏ ਜਾਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਦਿੱਲੀ ਨਗਰ ਨਿਗਮ 'ਚ ਮੈਨਪਾਵਰ ਕਾਫੀ ਘੱਟ ਹੈ। ਇਸ ਲਈ ਡੇਂਗੂ ਦੀਆਂ ਦਵਾਈਆਂ ਦੇ ਛਿੜਕਾਅ ਦੇ ਨਾਲ-ਨਾਲ ਡੀ. ਬੀ. ਸੀ. ਕਰਮਚਾਰੀ ਯੂਜ਼ਰ ਚਾਰਜ ਵੀ ਵਸੂਲ ਕਰਨਗੇ। ਸਾਰੇ ਏਰੀਆ ਵਿਚ ਯੂਜ਼ਰ ਚਾਰਜ ਇਕੱਠਾ ਕਰਨ ਲਈ ਇਕ ਨਿਸ਼ਚਿਤ ਸਮਾਂ ਤੈਅ ਕੀਤਾ ਜਾਵੇਗਾ। ਜੇਕਰ ਕੋਈ ਲਗਾਤਾਰ ਦੋ ਜਾਂ 3 ਮਹੀਨਿਆਂ ਤੱਕ ਯੂਜ਼ਰ ਚਾਰਜ ਨਹੀਂ ਦਿੰਦਾ ਤਾਂ ਉਸ ਵਿਰੁੱਧ ਭਾਰੀ ਜ਼ੁਰਮਾਨੇ ਦੀ ਵਿਵਸਥਾ ਵੀ ਹੈ। 

ਨਿਸ਼ਚਿਤ ਤਰੀਕ ਮੁਤਾਬਕ ਯੂਜ਼ਰ ਚਾਰਜ ਇਕੱਠਾ ਕਰਨ ਮਗਰੋਂ ਡੀ. ਬੀ. ਸੀ. ਕਰਮਚਾਰੀ ਰੋਜ਼ਾਨਾ ਦੁਪਹਿਰ 3 ਵਜੇ ਤਕ ਪੈਸੇ ਜ਼ੋਨਲ ਅਫਸਰ 'ਚ ਜਮ੍ਹਾ ਕਰਵਾਉਣਗੇ। ਸ਼ੁਰੂਆਤ ਵਿਚ ਯੂਜ਼ਰ ਚਾਰਜ ਨੂੰ ਇਕੱਠਾ ਕਰਨਾ ਮੈਨੁਅਲ ਕੀਤਾ ਜਾਵੇਗਾ ਪਰ ਹੌਲੀ-ਹੌਲੀ ਇਹ ਪ੍ਰੋਸੈੱਸ ਆਨਲਾਈਨ ਕਰ ਦਿੱਤਾ ਜਾਵੇਗਾ, ਤਾਂ ਕਿ ਲੋਕਾਂ ਨੂੰ ਚਾਰਜ ਜਮ੍ਹਾ ਕਰਾਉਣ 'ਚ ਆਸਾਨੀ ਹੋਵੇ। ਗੈਰ-ਕਾਨੂੰਨੀ ਕਾਲੋਨੀਆਂ ਦੀਆਂ ਤੰਗ ਗਲੀਆਂ 'ਚ ਘਰ-ਘਰ ਕੂੜਾ ਚੁੱਕਣ ਲਈ ਪਹਿਲੀ ਵਾਰ ਨਗਰ ਨਿਗਮ ਈ-ਰਿਕਸ਼ਾ ਦਾ ਇਸਤੇਮਾਲ ਕਰੇਗੀ। ਸਾਰੇ ਜ਼ੋਨ ਨੂੰ ਮਿਲਾ ਕੇ ਕਰੀਬ 500-600 ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਜਾਵੇਗਾ।


Tanu

Content Editor

Related News